‘ਆਪਣੀ ਸੋਹਣੀ Sonia Gandhi ਵੱਲ Father ਫਖ਼ਰ ਨਾਲ ਦੇਖ ਰਹੇ ਨੇ’
ਮਾਂ ਦੀਆਂ ਯਾਦਾਂ ’ਤੇ Rahul Gandhi ਦਾ ਭਾਵੁਕ ਸੁਨੇਹਾ
ਆਪਣੀ ਮਾਂ ਸੋਨੀਆ ਗਾਂਧੀ ਦੀਆਂ ਯਾਦਾਂ ’ਤੇ ਆਧਾਰਿਤ ਕਿਤਾਬ (ਮੈਮੋਇਰ) ਦੇ ਇਸੇ ਸਾਲ ਦੇ ਅੰਤ ਤੱਕ ਆਉਣ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਇਸ ਕਿਤਾਬ ਨੂੰ ਉਹ ਲੱਖਾਂ ਲੋਕ ਪੜ੍ਹਨਗੇ, ਜੋ ਉਨ੍ਹਾਂ ਨਾਲ ਪਿਆਰ ਕਰਦੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ (ਸੋਨੀਆ ਗਾਂਧੀ) ਵਰਗੀ ਨਿੱਜੀ ਜ਼ਿੰਦਗੀ ਪਸੰਦ ਕਰਨ ਵਾਲੀ ਸ਼ਖ਼ਸੀਅਤ ਲਈ ਦੁਨੀਆ ਨਾਲ ਆਪਣੀ ਸੁੰਦਰ ਕਹਾਣੀ ਸਾਂਝੀ ਕਰਨਾ ਕਿੰਨਾ ਔਖਾ ਸੀ। ਸੋਨੀਆ ਗਾਂਧੀ ਇਸੇ ਸਾਲ ਨਵੰਬਰ ਵਿੱਚ ਆਪਣੀਆਂ ਯਾਦਾਂ ਦੀ ਕਿਤਾਬ ਲੈ ਕੇ ਆ ਰਹੇ ਹਨ, ਜਿਸ ਵਿੱਚ ਉਹ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਪਰਿਵਾਰਾਂ ਵਿੱਚੋਂ ਇੱਕ ’ਚ ਵਿਆਹ ਕਰਨ, ਆਪਣੇ ਪਤੀ ਰਾਜੀਵ ਗਾਂਧੀ ਨੂੰ ਗੁਆਉਣ ਦਾ ਦੁਖਾਂਤ ਜਿਸ ਨੇ ਉਨ੍ਹਾਂ ਨੂੰ ਸਿਆਸਤ ਦੀ ਜਨਤਕ ਦੁਨੀਆ ਵਿੱਚ ਧੱਕ ਦਿੱਤਾ ਅਤੇ 2004 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਸਣੇ ਹੋਰ ਕਈ ਨਿੱਜੀ ਗੱਲਾਂ ਸਾਂਝੀਆਂ ਕਰਨਗੇ। ਅਮਰੀਕੀ ਪ੍ਰਕਾਸ਼ਕ ਐਲਫ੍ਰੇਡ ਏ ਨੋਫ, ਜੋ ਪੈਂਗੁਇਨ ਰੈਂਡਮ ਹਾਊਸ ਦਾ ਹੀ ਅਮਰੀਕੀ ਪ੍ਰਕਾਸ਼ਕ ਹੈ, ਨੇ ਐਲਾਨ ਕੀਤਾ ਕਿ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ 10 ਨਵੰਬਰ ਨੂੰ ਬਾਜ਼ਾਰ ਵਿੱਚ ਆਵੇਗੀ। ਹਾਲਾਂਕਿ, ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਹਾਲੇ ਤੱਕ ਭਾਰਤ ਵਿੱਚ ਇਸ ਕਿਤਾਬ ਦੇ ਰਿਲੀਜ਼ ਹੋਣ ਦੀ ਤਰੀਕ ਦੀ ਪੁਸ਼ਟੀ ਨਹੀਂ ਕੀਤੀ।
‘ਐਕਸ’ ਉੱਤੇ ਪੋਸਟ ਕੀਤੇ ਆਪਣੇ ਸੁਨੇਹੇ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘‘ਸਿਰਫ਼ ਪ੍ਰਿਯੰਕਾ ਅਤੇ ਮੈਂ ਹੀ ਸੱਚਮੁੱਚ ਜਾਣਦੇ ਹਾਂ ਕਿ ਤੁਸੀਂ ਕਿਸ ਦੌਰ ਵਿੱਚੋਂ ਲੰਘੇ ਹੋ ਅਤੇ ਪਾਪਾ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿੰਨੀ ਮੁਸ਼ਕਲ ਸੀ।’’ ਅੱਜ ਆਪਣੇ ਪਿਤਾ ਰਾਜੀਵ ਗਾਂਧੀ ਦੇ ਜਨਮ ਦਿਨ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੇਖ ਸਕਦੇ ਹਨ ਕਿ ‘ਪਾਪਾ ਮੁਸਕਰਾ ਰਹੇ ਹਨ ਅਤੇ ਆਪਣੀ ਸੁੰਦਰ ਸੋਨੀਆ ਵੱਲ ਫ਼ਖ਼ਰ ਨਾਲ ਦੇਖ ਰਹੇ ਹਨ’। ਰਾਜੀਵ ਗਾਂਧੀ ਦਾ ਜਨਮ 1944 ਵਿੱਚ ਅੱਜ ਦੇ ਹੀ ਦਿਨ ਹੋਇਆ ਸੀ।

