ਸ੍ਰੀਨਗਰ: ਫਾਰੂਕ ਅਬਦੁੱਲਾ ਨੂੰ ਅੱਜ ਮੁੜ ਨੈਸ਼ਨਲ ਕਾਨਫਰੰਸ (ਐੱਨਸੀ) ਦਾ ਪ੍ਰਧਾਨ ਚੁਣਿਆ ਗਿਆ ਹੈ। ਇੱਥੇ ਨਸੀਮ ਬਾਗ ਵਿੱਚ ਪਾਰਟੀ ਦੇ ਸੰਸਥਾਪਕ ਸ਼ੇਖ ਮੁਹੰਮਦ ਅਬਦੁੱਲਾ ਦੀ ਕਬਰ ਨੇੜੇ ਹੋਏ ਐੱਨਸੀ ਦੇ ਡੈਲੀਗੇਟ ਸੈਸ਼ਨ ਵਿੱਚ 85 ਸਾਲਾ ਆਗੂ ਨੂੰ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਸ਼ੇਖ ਅਬਦੁੱਲਾ ਦੀ 117ਵੀਂ ਜੈਅੰਤੀ ਮਨਾਈ ਗਈ। ਐੱਨਸੀ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਨੇ ਕਿਹਾ ਕਿ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਤੱਕ ਸਿਰਫ਼ ਅਬਦੁੱਲਾ ਦੀ ਹੀ ਨਾਮਜ਼ਦਗੀ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਫਾਰੂਕ ਅਬਦੁੱਲਾ ਦੇ ਸਮਰਥਨ ਵਿੱਚ ਕਸ਼ਮੀਰ ਤੋਂ ਕੁੱਲ 183, ਜੰਮੂ ਤੋਂ 396 ਅਤੇ ਲੱਦਾਖ ਤੋਂ 25 ਮਤੇ ਪ੍ਰਾਪਤ ਹੋਏ ਸਨ। ਪਿਛਲੀ ਵਾਰ ਐੱਨਸੀ ਪ੍ਰਧਾਨ ਦੀ ਚੋਣ ਪੰਜ ਸਾਲ ਪਹਿਲਾਂ ਹੋਈ ਸੀ। ਐੱਨਸੀ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ 2018 ਦੀਆਂ ਪੰਚਾਇਤ ਚੋਣਾਂ ਦਾ ਬਾਈਕਾਟ ਪਾਰਟੀ ਦੀ ‘ਵੱਡੀ ਗਲਤੀ’ ਸੀ ਤੇ ਪਾਰਟੀ ਭਵਿੱਖ ਵਿਚ ਜੰਮੂ ਕਸ਼ਮੀਰ ’ਚ ਹੁਣ ਹਰ ਚੋਣ ਲੜੇਗੀ। ਅਬਦੁੱਲਾ ਨੇ ਸਰਕਾਰ ਤੇ ਸੁਰੱਖਿਆ ਬਲਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸੇ ਵੀ ਚੋਣ ਪ੍ਰਕਿਰਿਆ ਵਿਚ ਦਖਲ ਨਾ ਦੇਣ। -ਪੀਟੀਆਈ
ਨੈਸ਼ਨਲ ਕਾਨਫਰੰਸ ਵੱਲੋਂ ਜੰਮੂ ਕਸ਼ਮੀਰ ’ਚ ਚੋਣਾਂ ਕਰਾਉਣ ਦੀ ਮੰਗ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਨੇ ਜੰਮੂ ਕਸ਼ਮੀਰ ਵਿਚ ਚੋਣਾਂ ਕਰਾਉਣ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਅਤੇ ਧਾਰਾ 370 ਤੇ 35-ਏ ਦੀਆਂ ਤਜਵੀਜ਼ਾਂ ਬਹਾਲ ਕਰਨ ਦੀ ਮੰਗ ਵੀ ਕੀਤੀ ਹੈ। ਪਾਰਟੀ ਦੇ ਡੈਲੀਗੇਟ ਸੈਸ਼ਨ ਮੌਕੇ ਅੱਜ ਇਨ੍ਹਾਂ ਮੰਗਾਂ ਬਾਰੇ ਇਕ ਮਤਾ ਪਾਸ ਕੀਤਾ ਗਿਆ। ਐੱਨਸੀ ਨੇ ਕਿਹਾ ਕਿ ਜੰਮੂ ਕਸ਼ਮੀਰ ਲਈ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਜਦਕਿ ਹੱਦਬੰਦੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਐੱਨਸੀ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਹੱਦਬੰਦੀ ਤੋਂ ਬਾਅਦ ਚੋਣਾਂ ਕਰਾਉਣ ਦਾ ਵਾਅਦਾ ਕੀਤਾ ਗਿਆ ਸੀ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ