ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਲੰਬੀ ਲੜਾਈ ਦਾ ਤਹੱਈਆ ਕਰਕੇ ਬੈਠੇ ਕਿਸਾਨਾਂ ਨੇ ਲੌਕਡਾਊਨ ਦੌਰਾਨ ਵੀ ਆਪਣੀ ਹੋਂਦ ਦੀ ਲੜਾਈ ਖ਼ਾਤਰ ਲਾਏ ਮੋਰਚਿਆਂ ਵਿੱਚ ਡਟੇ ਰਹਿਣ ਦਾ ਫ਼ੈਸਲਾ ਕੀਤਾ ਹੈ। ਕਿਸਾਨਾਂ ਵੱਲੋਂ ਭਾਜਪਾ ਅਤੇ ਸਾਥੀ ਦਲਾਂ ਦੇ ਬਾਈਕਾਟ ਦਾ ਦੌਰ ਵੀ ਜਾਰੀ ਰੱਖਿਆ ਜਾਵੇਗਾ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਬਿੱਲ ਲੌਕਡਾਊਨ ਸਮੇਂ ਇਸ ਨੀਅਤ ਨਾਲ ਲਿਆਂਦੇ ਸਨ ਕਿ ਉਨ੍ਹਾਂ ਦਾ ਸਖ਼ਤ ਵਿਰੋਧ ਨਹੀਂ ਹੋਵੇਗਾ ਪਰ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਅੰਦੋਲਨ ਸ਼ੁਰੂ ਕੀਤਾ ਜੋ ਉਨ੍ਹਾਂ ਦੀ ਹੋਂਦ ਦੀ ਲੜਾਈ ਬਣ ਗਿਆ ਹੈ। ਹੁਣ ਕਿਸਾਨਾਂ ਵੱਲੋਂ ਮੁੜ ਕਰੋਨਾ ਮਹਾਮਾਰੀ ਕਰਕੇ ਲੌਕਡਾਊਨ ਵਿੱਚ ਪਕਿਆਈ ਨਾਲ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਹੁਣ ਵਾਢੀ ਦਾ ਸਮਾਂ ਵੀ ਆ ਗਿਆ ਹੈ ਅਤੇ ਕਿਸਾਨਾਂ ਨੇ ਫਸਲ ਵੀ ਵੇਚਣੀ ਹੈ। ਇਸ ਸਮੇਂ ਕਿਸਾਨ ਆਪਣੀਆਂ ਫਸਲਾਂ ਨੂੰ ਦਾਅ ’ਤੇ ਲਾ ਕੇ ਦਿੱਲੀ ਦੇ ਮੋਰਚੇ ’ਤੇ ਜੁਟੇ ਹੋਏ ਹਨ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਉਸ ਦੀਆਂ ਫਸਲਾਂ ਤੋਂ ਦੂਰ ਰੱਖਿਆ ਜਾਵੇ। ਕਿਸਾਨ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਗੇ।’’ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੀਡਰਾਂ ਦਾ ਸਮਾਜਿਕ ਬਾਈਕਾਟ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਚਿਤਾਵਨੀਆਂ ਦੇ ਬਾਵਜੂਦ ਭਾਜਪਾ ਅਤੇ ਜੇਜੇਪੀ ਦੇ ਆਗੂ ਹਰਿਆਣਾ ਵਿੱਚ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਦਾ ਇਕੋ ਉਦੇਸ਼ ਹਿੰਸਾ ਭੜਕਾਉਣਾ ਅਤੇ ਅੰਦੋਲਨ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ-ਜੇਜੇਪੀ ਸਰਕਾਰ ਨੇ ਵਿਧਾਨ ਸਭਾ ਵਿਚ ਭਾਵੇਂ ਵਿਸ਼ਵਾਸ ਮਤਾ ਜਿੱਤ ਲਿਆ ਹੋਵੇ ਪਰ ਲੋਕਾਂ ਦਾ ਵਿਸ਼ਵਾਸ ਉਹ ਪੂਰੀ ਤਰ੍ਹਾਂ ਗੁਆ ਚੁੱਕੀ ਹੈ।