ਕਾਨੂੰਨ ਵਾਪਸ ਨਾ ਲਏ ਤਾਂ ਸੰਸਦ ਦਾ ਘਿਰਾਓ ਕਰਨਗੇ ਕਿਸਾਨ: ਟਿਕੈਤ

ਕਿਹਾ, ਜੇ ਮੋਦੀ ਸਰਕਾਰ ਰਹੀ ਤਾਂ ਸਾਡੀ ਜ਼ਮੀਨ ਖੁੱਸ ਜਾਵੇਗੀ

ਕਾਨੂੰਨ ਵਾਪਸ ਨਾ ਲਏ ਤਾਂ ਸੰਸਦ ਦਾ ਘਿਰਾਓ ਕਰਨਗੇ ਕਿਸਾਨ: ਟਿਕੈਤ

ਗਾਜ਼ੀਪੁਰ ਬਾਰਡਰ ’ਤੇ ਕਿਸਾਨ ਗਰਮੀਆਂ ਦੇ ਮੌਸਮ ਲਈ ਤਿਆਰੀਆਂ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਸੀਕਰ, 23 ਫਰਵਰੀ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਮੁਜ਼ਾਹਰਾ ਕਰ ਰਹੇ ਕਿਸਾਨ ਸੰਸਦ ਦਾ ਘਿਰਾਓ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ‘ਦਿੱਲੀ ਮਾਰਚ’ ਦਾ ਸੱਦਾ ਕਦੇ ਵੀ ਦਿੱਤਾ ਜਾ ਸਕਦਾ ਹੈ। ਟਿਕੈਤ ਸੀਕਰ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਟਿਕੈਤ ਨੇ ਕਿਹਾ ਕਿ ਇਸ ਵਾਰ ਸੰਸਦ ਘਿਰਾਓ ਦਾ ਸੱਦਾ ਦਿੱਤਾ ਜਾਵੇਗਾ। ਇਸ ਦਾ ਐਲਾਨ ਕੀਤਾ ਜਾਵੇਗਾ ਤੇ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ। ਇਸ ਵਾਰ ਚਾਰ ਲੱਖ ਟਰੈਕਟਰਾਂ ਦੀ ਥਾਂ 40 ਲੱਖ ਟਰੈਕਟਰ ਹੋਣਗੇ। ਟਿਕੈਤ ਨੇ ਕਿਹਾ ਕਿ ਕਿਸਾਨ ‘ਇੰਡੀਆ ਗੇਟ’ ਨੇੜੇ ਪਾਰਕਾਂ ਨੂੰ ਵਾਹ ਦੇਣਗੇ ਤੇ ਉੱਥੇ ਫ਼ਸਲਾਂ ਉਗਾਉਣਗੇ। ਮੋਰਚੇ ਦੇ ਆਗੂ ਸੰਸਦ ਘਿਰਾਓ ਦੀ ਤਰੀਕ ਬਾਰੇ ਫ਼ੈਸਲਾ ਲੈਣਗੇ। ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਪਰਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਇਹ ਸਰਕਾਰ ਰਹੀ ਤਾਂ ਸਾਡੀ ਜ਼ਮੀਨ ਖੁੱਸ ਜਾਵੇਗੀ। ਗਾਜ਼ੀਪੁਰ ਬਾਰਡਰ ’ਤੇ ਉਨ੍ਹਾਂ ਦਾ ਢੋਲ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਗੱਲਬਾਤ ਦੌਰਾਨ ਕਿਹਾ, ‘‘ਜੇ ਇਹ ਸਰਕਾਰ ਰਹਿੰਦੀ ਹੈ ਤਾਂ ਸਾਡੀ ਜ਼ਮੀਨ ਸਾਡੇ ਕੋਲ ਨਹੀਂ ਰਹੇਗੀ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆਪਣੇ ਸਲਾਹਕਾਰ ਬਦਲ ਲੈਣੇ ਚਾਹੀਦੇ ਹਨ।’’  -ਏਜੰਸੀਆਂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All