ਭਾਜਪਾ ਵਿਰੁੱਧ ਵੋਟਾਂ ਪਾਉਣ ਲਈ ਪ੍ਰੇਰਨਗੇ ਕਿਸਾਨ

ਭਾਜਪਾ ਵਿਰੁੱਧ ਵੋਟਾਂ ਪਾਉਣ ਲਈ ਪ੍ਰੇਰਨਗੇ ਕਿਸਾਨ

ਦਿੱਲੀ ਪੁਲੀਸ ਵੱਲੋਂ ਮੰਗਲਵਾਰ ਨੂੰ ਖੋਲ੍ਹ ਕੇ ਬੰਦ ਕੀਤਾ ਗਾਜ਼ੀਪੁਰ ਬਾਰਡਰ। -ਫੋਟੋ: ਮਾਨਸ ਰੰਜਨ ਭੂਈ

 

ਮੁੱਖ ਅੰਸ਼

  • ਚੋਣਾਂ ਵਾਲੇ ਸੂਬਿਆਂ ’ਚ ਭਾਜਪਾ ਖ਼ਿਲਾਫ਼ ਪ੍ਰਚਾਰ ਕਰਨਗੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ
  • ਮੋਰਚੇ ਦੇ ਸੌਵੇਂ ਦਿਨ ਕੁੰਡਲੀ-ਮਨੇਸਰ-ਪਲਵਲ ਮਾਰਗ ’ਤੇ ਜਾਮ 6 ਨੂੰ 
  • ਸਿੰਘੂ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਮੀਟਿੰਗ ’ਚ ਕੀਤਾ ਫ਼ੈਸਲਾ

ਮਨਧੀਰ ਸਿੰਘ ਦਿਓਲ 

ਨਵੀਂ ਦਿੱਲੀ, 2 ਮਾਰਚ

ਸੰਯੁਕਤ ਕਿਸਾਨ ਮੋਰਚੇ ਨੇ ਅੱਜ ਐਲਾਨ ਕੀਤਾ ਹੈ ਕਿ ਸੱਤਾਧਾਰੀਆਂ ਨੂੰ ‘ਵੋਟ ਦੀ ਚੋਟ’ ਦੇਣ ਲਈ ਮੋਰਚੇ ਦੇ ਆਗੂ ਚੋਣਾਂ ਵਾਲੇ ਰਾਜਾਂ ਵਿੱਚ ਜਾਣਗੇ ਕਿਉਂਕਿ ਸੱਤਾਧਾਰੀ ਸਿਰਫ਼ ਵੋਟ, ਸੀਟ, ਚੋਣ, ਕੁਰਸੀ ਦੀ ਭਾਸ਼ਾ ਹੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ 3 ਮਾਰਗਾਂ ’ਤੇ ਚੱਲ ਰਹੇ ਧਰਨਿਆਂ ਦੇ 100 ਦਿਨ ਪੂਰੇ ਹੋਣ ’ਤੇ 6 ਮਾਰਚ ਨੂੰ ਕੁੰਡਲੀ-ਮਨੇਸਰ-ਪਲਵਲ ਮਾਰਗ (ਕੇਐੱਮਪੀਐੱਮ) 5 ਘੰਟੇ ਲਈ ਜਾਮ ਵੀ ਕੀਤਾ ਜਾਵੇਗਾ ਤੇ ਇਸ ਦਿਨ ਐਕਸਪ੍ਰੈੱਸ ਵੇਅ ਦੇ ਸਾਰੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ ਜਾਣਗੇ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਵਿਖੇ ਅੰਦੋਲਨ ਨੂੰ ਅੱਗੇ ਲਿਜਾਣ ਬਾਬਤ ਜਨਰਲ ਬਾਡੀ ਮੀਟਿੰਗ ਕੀਤੀ ਗਈ ਤੇ ਅਗਲੇ 15 ਦਿਨਾਂ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਵਿਉਂਤ ਕੇ ਐਲਾਨ ਕੀਤੇ ਗਏ। ਐਲਾਨ ਮੁਤਾਬਕ ਜਿਨ੍ਹਾਂ 5 ਰਾਜਾਂ ਵਿੱਚ ਅਗਲੇ ਮਹੀਨੇ ਵੋਟਾਂ ਪੈਣੀਆਂ ਹਨ ਉੱਥੇ ਮੋਰਚੇ ਦੇ ਆਗੂ ਵੋਟਰਾਂ ਨੂੰ ਭਾਜਪਾ ਤੇ ਐੱਨਡੀਏ ਭਾਈਵਾਲਾਂ ਦੇ ਉਮੀਦਵਾਰਾਂ ਖ਼ਿਲਾਫ਼ ਵੋਟਾਂ ਪਾਉਣ ਦਾ ਸੱਦਾ ਦੇਣਗੇ। ਪ੍ਰੈੱਸ ਕਾਨਫਰੰਸ ਦੌਰਾਨ ਯੋਗੇਂਦਰ ਯਾਦਵ, ਧਰਮਿੰਦਰ ਮਲਿਕ, ਬਲਬੀਰ ਸਿੰਘ ਰਾਜੇਵਾਲ ਤੇ ਹੋਰ ਆਗੂਆਂ ਨੇ ਸੰਬੋਧਨ ਕਿਹਾ ਕਿ 12 ਮਾਰਚ ਤੋਂ ਕੋਲਕਾਤਾ ਵਿੱਚ ਵੱਡੇ ਸਮਾਗਮ ਦੌਰਾਨ ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਭਾਜਪਾ ਖ਼ਿਲਾਫ਼ ਵੋਟ ਪਾਉਣ ਲਈ ਅਪੀਲ ਕੀਤੀ ਜਾਵੇਗੀ, ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ 5 ਰਾਜਾਂ ਵਿੱਚ ਕਿਸੇ ਵੀ ਸਿਆਸੀ ਧਿਰ ਦਾ ਸਮਰਥਨ ਮੋਰਚੇ ਵੱਲੋਂ ਨਹੀਂ ਕੀਤਾ ਜਾਵੇਗਾ। ਸ੍ਰੀ ਯਾਦਵ ਨੇ ਕਿਹਾ ਕਿ ਮੋਰਚੇ ਦੇ ਦਿੱਲੀ ਧਰਨਿਆਂ ਦੇ 100 ਦਿਨ ਪੂਰੇ ਹੋਣ ’ਤੇ 6 ਮਾਰਚ ਨੂੰ ‘ਕੇਐਮਪੀ ਮਾਰਗ’ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਵੱਖ-ਵੱਖ ਥਾਈਂ ਕਿਸਾਨਾਂ ਵੱਲੋਂ ਜਾਮ ਕੀਤਾ ਜਾਵੇਗਾ। ਉਸ ਦਿਨ ਕਿਸਾਨਾਂ ਨੂੰ ਰੋਸ ਵਜੋਂ ਕਾਲੇ ਕੱਪੜੇ ਪਾਉਣ ਜਾਂ ਕਾਲੀਆਂ ਪੱਟੀਆਂ ਬੰਨ੍ਹਣ ਸਮੇਤ ਧਰਨਿਆਂ, ਘਰਾਂ, ਦਫ਼ਤਰਾਂ ’ਤੇ ਕਾਲੇ ਝੰਡੇ ਲਹਿਰਾਉਣ ਲਈ ਕਿਹਾ ਗਿਆ ਹੈ, ਜਿਸ ਰਾਹੀਂ ਕਿਸਾਨੀ ਅੰਦੋਲਨ ਦੇ ਸਰਕਾਰੀ ਦਮਨ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਜਾਵੇਗਾ। ਇਸੇ ਦੌਰਾਨ ਰਮਜਾਨ ਚੌਧਰੀ ਨੇ ਦੱਸਿਆ 15 ਮਾਰਚ ਨੂੰ ਹਰਿਆਣਾ ਦੇ ਮੇਵਾਤ ਵਿੱਚ ਮਹਾਪੰਚਾਇਤ ਕਰਕੇ ਆਰਐੱਸਐੱਸ ਤੇ ਭਾਜਪਾ ਦੀ ਲੋਕਾਂ ਵਿੱਚ ‘ਫੁੱਟਪਾਊੁ ਨੀਤੀ’ ਦਾ ਵਿਰੋਧ ਕੀਤਾ ਜਾਵੇਗਾ।

‘ਐੱਮਐੱਸਪੀ ਦਿਵਾਓ ਮੁਹਿੰਮ’ 5 ਤੋਂ

ਯੋਗੇਂਦਰ ਯਾਦਵ ਨੇ ਦੱਸਿਆ ਕਿ ਦੇਸ਼ ਵਿੱਚ ‘ਐੱਮਐੱਸਪੀ ਦਿਵਾਓ ਮੁਹਿੰਮ’ ਦੀ ਸ਼ੁਰੂਆਤ 5 ਮਾਰਚ ਨੂੰ ਕਰਨਾਟਕ ਦੇ ਕੁਲਬਰਗਾ ਤੇ ਚਿੱਤਰਦੁਰਗਾ ਦੀਆਂ ਵੱਡੀਆਂ ਮੰਡੀਆਂ ਤੋਂ ਕਰਕੇ ਪ੍ਰਧਾਨ ਮੰਤਰੀ ਦੇ ਬਿਆਨ ‘ਐੱਮਐੱਸਪੀ ਸੀ, ਹੈ ਤੇ ਰਹੇਗੀ’ ਦੀ ਜ਼ਮੀਨੀ ਹਕੀਕਤ ਲੋਕਾਂ ਨੂੰ ਦੱਸੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਿਸਾਨ ਔਰਤਾਂ ਦੀ ਇਸ ਅੰਦੋਲਨ ਵਿੱਚ ਹਰ ਮੋਰਚੇ ਵਿੱਚ ਭੂਮਿਕਾ ਨਿਖੇੜੀ ਜਾਵੇਗੀ । 15 ਮਾਰਚ ਨੂੰ ਟਰੇਡ ਯੂਨੀਅਨਾਂ ਵੱਲੋਂ ‘ਕਾਰਪੋਰੇਟੀਕਰਨ ਤੇ ਨਿੱਜੀਕਰਨ ਵਿਰੋਧੀ ਦਿਵਸ’ ਕੌਮੀ ਪੱਧਰ ਦਾ ਵਿਰੋਧ ਮਨਾਇਆ ਜਾਵੇਗਾ ਤੇ ਮਜ਼ਦੂਰ ਦਾ ਸਾਥ ਕਿਸਾਨ ਦੇਣਗੇ। 

ਗਾਜ਼ੀਪੁਰ ਦੀ ਇੱਕ ਸੜਕ ਖੋਲ੍ਹਣ ਮਗਰੋਂ ਮੁੜ ਬੰਦ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ’ਤੇ 3 ਮਹੀਨੇ ਤੋਂ ਧਰਨਾ ਦੇ ਰਹੇ ਕਿਸਾਨਾਂ ਕੋਲ ਲੋਕ ਨਾ ਪਹੁੰਚ ਸਕਣ ਇਸੇ ਕਰਕੇ ਦਿੱਲੀ ਪੁਲੀਸ ਨੇ ਕੌਮੀ ਸ਼ਾਹਰਾਹ-9 ਬੰਦ ਕੀਤਾ ਹੋਇਆ ਸੀ ਪਰ ਅੱਜ ਸਵੇਰੇ ਪੁਲੀਸ ਵੱਲੋਂ ਇਹ ਕੌਮੀ ਸ਼ਾਹ ਰਾਹ ਦਾ ਇੱਕ ਹਿੱਸਾ ਖੋਲ੍ਹ ਦਿੱਤਾ ਗਿਆ ਪਰ ਕੁਝ ਦੇਰ ਬਾਅਦ ਇਸ ਨੂੰ ਮੁੜ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ। ਇਹ ਮਾਰਗ ਗਣਤੰਤਰ ਦਿਵਸ ਮੌਕੇ ਤੋਂ ਹੀ ਬੰਦ ਕੀਤੀ ਹੋਇਆ ਸੀ ਜਦੋਂ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਦੁਪਹਿਰ ਗਾਜ਼ੀਪੁਰ ਬਾਰਡਰ ਦੇ ਕੌਮੀ ਸ਼ਾਹਰਾਹ-9 ਦੇ ਇੱਕ ਹਿੱਸੇ ਨੂੰ ਸਵੇਰੇ ਕੁਝ ਦੇਰ ਤੱਕ ਖੋਲ੍ਹਣ ਮਗਰੋਂ ਬੰਦ ਕਰ ਦਿੱਤਾ ਗਿਆ ਹੈ। ਇਹ ਰਾਹ ਦਿੱਲੀ ਨੂੰ ਨੋਇਡਾ ਨਾਲ ਜੋੜਦਾ ਹੈ। ਲੰਘੀ ਰਾਤ ਇਸ ਮਾਰਗ ਦਾ ਇੱਕ ਹਿੱਸਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਸੀ। ਬਾਅਦ ਵਿੱਚ ਪੁਲੀਸ ਵੱਲੋਂ ਮੁੜ ਇਹ ਮਾਰਗ ਬੰਦ ਕਰਨ ਦੀ ਕਿਸਾਨ ਆਗੂਆਂ ਨੇ ਨਿੰਦਾ ਕੀਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All