ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਕਿਰਤੀ ਕਿਸਾਨ ਯੂਨੀਅਨ ਨੇ ਨਵਜੋਤ ਸਿੱਧੂ ਦੇ ਖੁਦ ਨੂੰ ਖੂਹ ਤੇ ਕਿਸਾਨਾਂ ਨੂੰ ਪਿਆਸੇ ਕਹਿਣ ਵਾਲੇ ਬਿਆਨ ਨੂੰ ਹੰਕਾਰ ਨਾਲ ਭਰਿਆ ਹੋਇਆ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਨਵਜੋਤ ਸਿੱਧੂ ਸਿਰਫ਼ ਪਾਰਟੀ ਪ੍ਰਧਾਨ ਬਣੇ ਹਨ ਨਾ ਕਿ ਕਿਸੇ ਸੰਵਿਧਾਨਕ ਅਹੁਦੇ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵੋਟਰਜ਼ ਵ੍ਹਿਪ ਦੀ ਉਲੰਘਣਾ ਕਰਕੇ ਖੁਦ ਨੂੰ ਬੀਜੇਪੀ ਦੇ ਖੇਮੇ ’ਚ ਖੜ੍ਹਾ ਕਰ ਲਿਆ ਹੈ ਅਤੇ ਹੁਣ ਕਾਂਗਰਸੀ ਸੰਸਦ ਮੈਂਬਰਾਂ ਦੇ ਵੀ ਘਿਰਾਓ ਕੀਤੇ ਜਾਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਪ੍ਰਧਾਨਗੀ ਦੀ ਹਵਾ ਬਣਾ ਕੇ ਕਾਂਗਰਸ ਅਤੇ ਪ੍ਰਸ਼ਾਂਤ ਕਿਸ਼ੋਰ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ, ਘਰ ਘਰ ਨੌਕਰੀ ਅਤੇ ਚਾਰ ਹਫ਼ਤਿਆਂ ’ਚ ਪੰਜਾਬ ’ਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕੈਪਟਨ ਨੇ ਕੀਤਾ ਸੀ ਅਤੇ ਅਹੁਦਾ ਸੁਨੀਲ ਜਾਖੜ ਤੋਂ ਖੋਹਿਆ ਗਿਆ ਹੈ। ਉਨ੍ਹਾਂ ਕਿਹਾ,‘‘ਦੁਕਾਨ ਵੀ ਓਹੀ, ਦੁਕਾਨਦਾਰ ਵੀ ਓਹੀ, ਸੌਦਾ ਵੀ ਓੁਹੀ ਅਤੇ ਰੇਟ ਵੀ ਓੁਹੀ। ਫਿਰ ਗਾਹਕ ਦਾ ਭਲਾ ਕਿਵੇਂ ਹੋਵੇਗਾ?’’
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਿੱਧੂ ਜਦੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਵੀ ਸਨ ਤਾਂ ਉਸ ਵੇਲੇ ਉਨ੍ਹਾਂ ਦੀ ਕਾਰਗੁਜ਼ਾਰੀ ਨਖਿੱਧ ਰਹੀ ਸੀ।