ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਪਹਿਲਵਾਨਾਂ ਦੀ ਹਮਾਇਤ ‘ਚ ਨਵੀਂ ਸੰਸਦ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਨੂੰ ਅੱਜ ਪੁਲੀਸ ਨੇ ਨਾਕਾਮ ਬਣਾ ਦਿੱਤਾ। ਕਿਸਾਨਾਂ ਨੂੰ ਮਹਿਲਾ ਸਨਮਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਬਾਰਡਰਾਂ ਤੋਂ ਅੱਗੇ ਨਹੀਂ ਵਧਣ ਦਿੱਤਾ। ਜੰਤਰ-ਮੰਤਰ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਜਾਂ ਸਮਰਥਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਦਿੱਲੀ-ਯੂਪੀ ਬਾਰਡਰ ‘ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਵੱਡੀ ਗਿਣਤੀ ਵਿੱਚ ‘ਦਿੱਲੀ ਗੇਟ’ ਵਿਖੇ ਇੱਕਠੇ ਹੋਏ ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਬੀਕੇਯੂ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਕਿਸਾਨਾਂ ਦੀ ਪੁਲੀਸ ਨਾਲ ਨੋਕ-ਝੋਕ ਵੀ ਹੋਈ ਅਤੇ ਉਹ ਉੱਥੇ ਹੀ ਧਰਨੇ ‘ਤੇ ਬੈਠ ਗਏ। ਗਾਜ਼ੀਪੁਰ ਬਾਰਡਰ ‘ਤੇ ਟਿਕੈਤ ਨੇ ਕਿਹਾ,”ਸਾਨੂੰ ਦਿੱਲੀ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਅਸੀਂ ਸਾਰੇ ਇਥੇ ਬੈਠ ਕੇ ਅਗਲੀ ਰਣਨੀਤੀ ਬਣਾਵਾਂਗੇ।” ਦੇਰ ਸ਼ਾਮ ਨੂੰ ਪਹਿਲਵਾਨ ਛੱਡੇ ਜਾਣ ਮਗਰੋਂ ਟਿਕੈਤ ਨੇ ਵੀ ਆਪਣਾ ਧਰਨਾ ਖ਼ਤਮ ਕਰ ਦਿੱਤਾ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹ ਸਰਕਾਰ ਹੈ ਤੇ ਲੋਕਤੰਤਰੀ ਰਵਾਇਤਾਂ ਵਿੱਚ ਉਸ ਨੂੰ ਜ਼ਰਾ ਵੀ ਭਰੋਸਾ ਨਹੀਂ ਹੈ। ਮਹਿਲਾ ਸਨਮਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਆਏ ਲੋਕਾਂ ਨੇ ਜਨਪਥ ਬਾਜ਼ਾਰ ਦੇ ਸਾਹਮਣੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਾਹਨਾਂ ਦੀ ਚੈਕਿੰਗ ਕਾਰਨ ਗਾਜ਼ੀਪੁਰ ਬਾਰਡਰ ‘ਤੇ ਜਾਮ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੀਆਂ ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਸਕੱਤਰ ਕੰਵਲਜੀਤ ਕੌਰ ਢਿੱਲੋਂ, ਸੂਬਾ ਜਨਰਲ ਸਕੱਦਰ ਦੀਪਤੀ ਭਾਰਤੀ ਤੇ ਸੰਗੀਤਾ ਦੇਵੀ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਨਜਫਗੜ੍ਹ ਅਤੇ ਕੌਮੀ ਜਨਰਲ ਸਕੱਤਰ ਐਨੀ ਰਾਜਾ ਸਮੇਤ ਫੈਡਰੇਸ਼ਨ ਦੀਆਂ ਹੋਰ ਕਾਰਕੁਨਾਂ ਨੂੰ ਥਾਣਾ ਕਪਾਸ ਹੇੜਾ ਲਿਆਂਦਾ। ਕਈ ਮੀਡੀਆ ਵਾਲੇ ਵੀ ਬੱਸ ਵਿੱਚ ਲੱਦ ਲਏ ਗਏ। ਬਦਰਪੁਰ ਤੋਂ ਕਿਸਾਨਾਂ ਨੂੰ ਹਟਾ ਦਿੱਤੇ ਜਾਣ ਮਗਰੋਂ ਪੁਲੀਸ ਨੇ ਰਾਹ ਖੋਲ੍ਹ ਦਿੱਤਾ। ਕੁੱਝ ਦੇਰ ਲਈ ਸਿੰਘੂ ਬਾਰਡਰ ਦੇ ਬੈਰੀਕੈਡ ਵੀ ਖੋਲ੍ਹੇ ਗਏ ਸਨ। ਬ੍ਰਿਜ ਭੂਸ਼ਨ ਸ਼ਰਣ ਸਿੰਘ ਦੀ ਗ੍ਰਿਫ਼ਤਾਰੀ ਲਈ ਐਤਵਾਰ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਪਹਿਲਵਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਪਾਲਮ 360 ਖਾਪ ਦੇ ਮੁਖੀ ਚੌਧਰੀ ਸੁਰਿੰਦਰ ਸੋਲੰਕੀ ਨੂੰ ਪੁਲੀਸ ਨੇ ਹਿਰਾਸਤ ‘ਚ ਲੈ ਲਿਆ। ਦਿੱਲੀ ਪੁਲੀਸ ਨੇ ਸੋਲੰਕੀ ਨੂੰ ਸਵੇਰੇ 6 ਵਜੇ ਪਾਲਮ ਸਥਿਤ ਉਨ੍ਹਾਂ ਦੇ ਘਰ ਤੋਂ ਫੜਿਆ। ਦਿੱਲੀ ਪੁਲੀਸ ਦੇ ਲਾਅ ਐਂਡ ਆਰਡਰ ਦੇ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ ਨੇ ਕਿਹਾ ਕਿ ਕਿਸੇ ਨੂੰ ਵੀ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਹਰਿਆਣਾ ‘ਚ ਪੁਲੀਸ ਨੇ ਪਹਿਲਵਾਨਾਂ ਦੇ ਹਮਾਇਤੀਆਂ ਨੂੰ ਹਿਰਾਸਤ ‘ਚ ਲਿਆ
ਚੰਡੀਗੜ੍ਹ (ਆਤਿਸ਼ ਗੁਪਤਾ): ਪਹਿਲਵਾਨਾਂ ਦੀ ਹਮਾਇਤ ਲਈ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਜਾ ਰਹੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਹਰਿਆਣਾ ਪੁਲੀਸ ਨੇ ਰਾਹ ਵਿੱਚ ਹੀ ਬੈਰੀਕੇਡ ਲਗਾ ਕੇ ਰੋਕ ਦਿੱਤਾ। ਹਰਿਆਣਾ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ, ਭਾਰਤੀ ਕਿਸਾਨ ਯੂਨੀਅਨ ਨੌਜਵਾਨ ਦੇ ਆਗੂ ਅਭਿਮੰਨਿਊ ਕੋਹਾੜ ਸਮੇਤ ਹੋਰ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਦੇਰ ਸ਼ਾਮ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਕਿਸਾਨ ਆਗੂ ਰਾਕੇਸ਼ ਬੈਂਸ ਸਣੇ ਹੋਰਨਾਂ ਨੂੰ ਘਰਾਂ ‘ਚ ਨਜ਼ਰਬੰਦ ਕੀਤਾ ਗਿਆ। ਦਿੱਲੀ ‘ਚ ਮਹਿਲਾ ਮਹਾਪੰਚਾਇਤ ‘ਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਸੈਂਕੜੇ ਬੀਬੀਆਂ ਦੇ ਕਾਫ਼ਲੇ ਲੰਘੇ ਦਨਿ ਦਿੱਲੀ ਲਈ ਰਵਾਨਾ ਹੋਏ ਸਨ ਜਨਿ੍ਹਾਂ ਨੂੰ ਪੁਲੀਸ ਨੇ ਅੰਬਾਲਾ ਦੇ ਗੁਰਦੁਆਰੇ ਮੰਜੀ ਸਾਹਿਬ ਵਿਖੇ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਦੇ ਕਾਫ਼ਲੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿਚਕਾਰ ਖਿੱਚ-ਧੂਹ ਵੀ ਹੋਈ। ਇਸੇ ਦੌਰਾਨ ਜਥੇਬੰਦੀ ਦੇ ਧਰਨੇ ‘ਚ ਹਰਿਆਣਾ ਤੋਂ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਰੇਲਾਂ ਰਾਹੀਂ ਦਿੱਲੀ ਜਾਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਨੂੰ ਵੀ ਰਾਹ ਵਿੱਚ ਹੀ ਰੋਕ ਦਿੱਤਾ ਗਿਆ। ਸੋਨੀਪਤ ‘ਚ ਪੁਲੀਸ ਨੇ ਰੇਲਵੇ ਸਟੇਸ਼ਨ ‘ਤੇ ਸਰਚ ਅਪਰੇਸ਼ਨ ਚਲਾਇਆ। ਬਹਾਦੁਰਗੜ੍ਹ ‘ਚ ਰੋਹਦ ਟੌਲ ਪਲਾਜ਼ੇ ‘ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ। ਹਿਸਾਰ ਵਿਖੇ ਪ੍ਰਦਰਸ਼ਨ ਕਰ ਰਹੀ ਛੰਨੋ ਦੇਵੀ ਤੇ ਸੋਨੀਆ ਸਣੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਪੁਲੀਸ ਨੇ ਹਿਰਾਸਤ ‘ਚ ਲੈ ਕੇ ਜੇਲ੍ਹ ਭੇਜ ਦਿੱਤਾ।