ਮੱਕੀ ਦਾ ਸਮਰਥਨ ਮੁੱਲ ਨਾ ਮਿਲਣ ਕਾਰਨ ਕਿਸਾਨ ਨਿਰਾਸ਼

ਸਮਰਥਨ ਮੁੱਲ 1850 ਰੁਪਏ; ਮੰਡੀਆਂ ’ਚ ਵਿਕ ਰਹੀ ਹੈ 650 ਤੋਂ 915 ਰੁਪਏ ਪ੍ਰਤੀ ਕੁਇੰਟਲ

ਮੱਕੀ ਦਾ ਸਮਰਥਨ ਮੁੱਲ ਨਾ ਮਿਲਣ ਕਾਰਨ ਕਿਸਾਨ ਨਿਰਾਸ਼

ਹੁਸ਼ਿਆਰਪੁਰ ਦੀ ਮੁੱਖ ਦਾਣਾ ਮੰਡੀ ’ਚ ਮੱਕੀ ਦੀ ਖ਼ਰੀਦ ਦਾ ਦ੍ਰਿਸ਼।

ਹਰਪ੍ਰੀਤ ਕੌਰ  
ਹੁਸ਼ਿਆਰਪੁਰ, 17 ਸਤੰਬਰ

ਕਣਕ ਅਤੇ ਝੋਨੇ ਦੇ ਸਮਰਥਨ ਮੁੱਲ ’ਤੇ ਖ਼ਰੀਦ ਦੀ ਗਾਰੰਟੀ ਚਲੇ ਜਾਣ ਦੇ ਡਰ ਕਾਰਨ ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੜਕਾਂ ’ਤੇ ਹਨ। ਕੇਂਦਰ ਸਰਕਾਰ 23 ਫਸਲਾਂ ਦਾ ਸਮਰਥਨ ਮੁੱਲ ਐਲਾਨਦੀ ਹੈ ਪਰ ਬਾਕੀ ਕਿਸੇ ਫਸਲ ਦਾ ਪੂਰਾ ਮੁੱਲ ਮਿਲਣ ਦੀ ਕੋਈ ਗਾਰੰਟੀ ਨਹੀਂ ਹੈ। ਮੱਕੀ ਦਾ ਹਾਲ ਦੇਖ ਕੇ ਕਿਸਾਨਾਂ ਦੇ ਖ਼ਦਸ਼ੇ ਅਸਲੀਅਤ ਵਜੋਂ ਸਾਹਮਣੇ ਆ ਰਹੇ ਹਨ। ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 1850 ਰੁਪਏ ਹੈ ਪਰ ਹੁਸ਼ਿਆਰਪੁਰ ਦੀ ਮੰਡੀ ਵਿੱਚ ਇਹ 650 ਤੋਂ ਲੈ ਕੇ 915 ਰੁਪਏ ਪ੍ਰਤੀ ਕੁਇੰਟਲ ਤੱਕ ਹੀ ਵਿਕ ਰਹੀ ਹੈ।  

ਮੱਕੀ ਦੀ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨਿਰਾਸ਼ ਹਨ। ਸਰਕਾਰੀ ਖ਼ਰੀਦ ਨਾ ਹੋਣ ਕਰਕੇ ਖ਼ਰੀਦਦਾਰ ਮਰਜ਼ੀ ਦੇ ਭਾਅ ਫ਼ਸਲ ਚੁੱਕ ਰਹੇ ਹਨ ਜਿਸ ਕਰਕੇ ਕਈ ਕਿਸਾਨਾਂ ਦੀ ਲਾਗਤ ਵੀ ਨਹੀਂ ਨਿਕਲ ਰਹੀ। ਪਿਛਲੇ ਸਾਲ ਦੋ-ਢਾਈ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਮੱਕੀ ਵੇਚਣ ਵਾਲੇ ਕਿਸਾਨ ਅੱਜ ਪ੍ਰਤੀ ਕੁਇੰਟਲ ਇੱਕ ਹਜ਼ਾਰ ਰੁਪਏ ਵੀ ਨਹੀਂ ਵੱਟ ਰਹੇ। ਡੱਲੇਵਾਲ ਦੇ ਕਿਸਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ 915 ਰੁਪਏ ਭਾਅ ਮਿਲਿਆ ਹੈ। ਭਾਵੇਂ ਉਸ ਦੀ 25 ਕੁਇੰਟਲ ਫ਼ਸਲ ਬਿਨਾਂ ਦੇਰੀ ਚੁੱਕੀ ਗਈ ਪਰ ਪੱਲੇ ਬਹੁਤਾ ਨਾ ਪੈਣ ਕਾਰਨ ਉਹ ਉਦਾਸ ਹੈ। ਇਸੇ ਤਰ੍ਹਾਂ ਪਿੰਡ ਸਸੌਲੀ ਦੇ ਬਲਜੀਤ ਸਿੰਘ ਨੂੰ 800 ਰੁਪਏ ਕੁਇੰਟਲ ਦੇ ਹਿਸਾਬ ਨਾਲ ਫ਼ਸਲ ਵੇਚਣੀ ਪਈ। ਬਜਰਾਵਰ ਦੇ ਮੁਕੇਸ਼ ਕੁਮਾਰ ਨੂੰ ਤਾਂ ਕੇਵਲ 650 ਰੁਪਏ ਭਾਅ ਮਿਲਿਆ। ਖ਼ਰੀਦਦਾਰ ਦਾ ਕਹਿਣਾ ਸੀ ਕਿ ਮੱਕੀ ’ਚ ਨਮੀ ਬਹੁਤ      ਜ਼ਿਆਦਾ ਸੀ।

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਮੱਕੀ ਸੁਕਾਉਣ ਜਾਂ ਸਟੋਰ ਕਰਨ ਦੇ ਸਾਧਨ ਨਹੀਂ ਹਨ ਤੇ ਪੈਸੇ ਦੀ ਤੁਰੰਤ ਲੋੜ ਹੋਣ ਕਾਰਨ ਉਨ੍ਹਾਂ ਨੂੰ ਫ਼ਸਲ ਕਿਸੇ ਵੀ ਭਾਅ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਫ਼ਸਲ ਦਾ ਭਾਅ ਮੂਧੇ ਮੂੰਹ ਡਿੱਗਣ ਕਰਕੇ ਕਿਸਾਨਾਂ ਨੂੰ ਕਰਜ਼ਿਆਂ ਦਾ ਫ਼ਿਕਰ ਸਤਾਉਣ ਲੱਗਿਆ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਕੌਮੀ ਤੇ ਕੌਮਾਂਤਰੀ ਬਾਜ਼ਾਰ ਵਿੱਚ ਮੱਕੀ ਦੀ ਮੰਗ ਕਰੋਨਾ ਕਰਕੇ ਘੱਟ ਹੋਣ ਕਾਰਨ ਭਾਅ ਡਿੱਗ ਪਏ ਹਨ। ਉਨ੍ਹਾਂ ਦੱਸਿਆ ਕਿ ਸਟਾਰਚ, ਗੁਲੂਕੋਜ਼, ਬੀਅਰ ਅਤੇ ਹੋਰ ਕੈਮੀਕਲ ਫ਼ੈਕਟਰੀਆਂ ਬੰਦ ਹੋਣ ਕਾਰਨ ਵੀ ਮੱਕੀ ਦੀ ਲਾਗਤ ਘਟ ਗਈ ਹੈ।

ਸੈਲਾ ਮੰਡੀ ’ਚ ਕਿਸਾਨਾਂ ਨੇ ਘੱਟ ਭਾਅ ਦਾ ਰੋਣਾ ਰੋਇਆ

ਗੜ੍ਹਸ਼ੰਕਰ (ਜੋਗਿੰਦਰ ਸਿੰਘ ਕੁੱਲੇਵਾਲ): ਦਾਣਾ ਮੰਡੀ ਸੈਲਾ ਖੁਰਦ ਵਿੱਚ ਕਿਸਾਨਾਂ ਨੇ ਦੱਸਿਆ ਕਿ ਇਸ ਵਾਰੀ ਹਰੀ ਮੱਕੀ ਸਣੇ ਪੂਣਾਂ ਚਾਰੇ ਵਾਸਤੇ 170 ਰੁਪਏ ਕੁਇੰਟਲ ਦੇ ਆਸ-ਪਾਸ ਵਿਕੀ ਹੈ। ਜਦਕਿ ਮੰਡੀ ’ਚ 600 ਤੋਂ 900 ਰੁਪਏ ਕੁਇੰਟਲ  ਦੇ ਆਸ-ਪਾਸ ਮੱਕੀ ਵਿਕ ਰਹੀ ਹੈ। ਦੂਜੇ ਪਾਸੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ  ਨੇ ਦੱਸਿਆ ਮੱਕੀ ਦੀ ਸਾਰੀ ਖ਼ਰੀਦ ਪ੍ਰਾਈਵੇਟ ਹੈ ਪਰ ਕਿਸਾਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮੰਡੀ ਸੁਪਰਵਾਈਜ਼ਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਆਦਾਤਰ 30-35 ਪ੍ਰਤੀਸ਼ਤ ਨਮੀ ਵਾਲੀ ਮੱਕੀ ਹੀ ਮੰਡੀ ’ਚ ਆਉਂਦੀ ਹੈ ਜਦ ਕਿ 12 ਫ਼ੀਸਦੀ ਨਮੀ ਵਾਲੀ ਮੱਕੀ ਦਾ ਮੁੱਲ ਸਹੀ ਲੱਗਦਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਢੇਸੀ ਮੰਗ ਕੀਤੀ ਕਿ ਸਰਕਾਰ ਮੱਕੀ ਦੀ ਸਰਕਾਰੀ  ਖ਼ਰੀਦ ਯਕੀਨੀ ਬਣਾਵੇ ਅਤੇ ਘੱਟ ਭਾਅ ’ਤੇ ਬੋਨਸ ਦਿੱਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All