ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ 100 ਦਿਨ ਪੂਰੇ ਹੋਣ ’ਤੇ ਕਿਸਾਨਾਂ ਨੇ ਅੱਜ ਦਿੱਲੀ ਦੇ ਆਊਟਰ ਰਿੰਗ ਰੋਡ ਨੂੰ ਜਾਮ ਕੀਤਾ। ਉਨ੍ਹਾਂ ਦਿੱਲੀ ਦੇ ਚੁਫੇਰਿਉਂ ਲੰਘਦੇ ਪੱੱਛਮੀ ਤੇ ਪੂਰਬੀ ਪੈਰੀਫੇਰੀਅਲ ਐਕਸਪ੍ਰੈੱਸਵੇਅ ਦੇ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਅਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਮਾਰਗ ਜਾਮ ਕੀਤੇ। ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਉਂਦਿਆਂ ਸਵੇਰੇ 11 ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੜਕਾਂ ਬੰੰਦ ਰੱਖੀਆਂ ਗਈਆਂ ਅਤੇ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੜਕਾਂ ਜਾਮ ਕਰਨ ਦੇ ਦਿੱਤੇ ਗਏ ਸੱਦੇ ’ਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਹਰਿਆਣਵੀਆਂ ਨੇ ਵੀ ਬੰਦ ’ਚ ਭਰਪੂਰ ਸਾਥ ਦਿੱਤਾ ਅਤੇ ਉਹ ਆਪਣੇ ਟਰੈਕਟਰ ਲੈ ਕੇ ਸੜਕ ਜਾਮ ਕਰਨ ਲਈ ਪੁੱਜੇ। ਕਿਸਾਨਾਂ ਨੇ ਹੱਥਾਂ ’ਚ ਕਾਲੇ ਝੰਡੇ ਫੜੇ ਹੋਏ ਸਨ ਜਦਕਿ ਕੁਝ ਨੇ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ’ਚ ਕੁਝ ਮਹਿਲਾ ਅੰਦੋਲਨਕਾਰੀਆਂ ਨੇ ਕਾਲੇ ਦੁਪੱਟੇ ਸਿਰਾਂ ’ਤੇ ਲਏ ਹੋਏ ਸਨ। ਨੌਜਵਾਨਾਂ ਨੇ 5 ਘੰਟੇ ਦੇ ਜਾਮ ਦੌਰਾਨ ਹਰ ਪਾਸੇ ਨਜ਼ਰ ਰੱਖੀ। ਜ਼ਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਨੂੰ ਹੀ ਮਾਰਗਾਂ ਤੋਂ ਲੰਘਣ ਦਿੱਤਾ ਗਿਆ ਅਤੇ ਟੌਲ ਪਲਾਜ਼ੇ ਪਰਚੀ ਮੁਕਤ ਰੱਖੇ ਗਏ। ਪੁਲੀਸ ਨੇ ਜਾਮ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਐਕਸਪ੍ਰੈੱਸਵੇਅ ਬੰਦ ਦਾ ਸੱਦਾ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਅਤੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਉਦੋਂ ਤੱਕ ਕਿਸਾਨ ਅੱਗੇ ਹੋਰ ਵੀ ਐਕਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤਿੰਨੋਂ ਕਾਨੂੰਨ ਰੱਦ ਨਾ ਕੀਤੇ ਤਾਂ ਦਿੱਲੀ ਦੇ ਬਾਰਡਰਾਂ ਵਾਂਗ ਕੁੰਡਲੀ-ਮਾਨੇਸਰ-ਪਲਵਲ ਮਾਰਗ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਅਤੇ ਅੱਜ ਦਾ 5 ਘੰਟੇ ਦਾ ਜਾਮ ਇੱਕ ਅਜ਼ਮਾਇਸ਼ ਸੀ।
ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਕੰਵਲਜੀਤ ਸਿੰਘ ਪੰਨੂ, ਰੁਪਿੰਦਰ ਪਾਲ ਕੌਰ, ਅਵਤਾਰ ਸਿੰਘ ਬਹਿਰੂ, ਸੁਰੇਸ਼ ਕੈਂਥ ਹਰਿਆਣਾ, ਬਲਜੀਤ ਸਿੰਘ ਗਰੇਵਾਲ, ਐਡਵੋਕੇਟ ਪ੍ਰੇਮ ਸਿੰਘ ਭੰਗੂ, ਸੁਰਜੀਤ ਸਿੰਘ ਫੂਲ, ਕਰਨਾਟਕ ਤੋਂ ਕਵਿਤਾ, ਜਸਵਿੰਦਰ ਸਿੰਘ ਢੇਸੀ, ਹਰਪਾਲ ਸੰਘਾ, ਨਿਰਭੈ ਸਿੰਘ ਢੁੱਡੀਕੇ ਅਤੇ ਹੋਰ ਆਗੂਆਂ ਨੇ ਆਪਣੇ ਸੰਬੋਧਨਾਂ ਵਿੱਚ ਕੇਂਦਰ ਸਰਕਾਰ ਨੂੰ ਜਾਗਣ ਦਾ ਸੱਦਾ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਨਾਲ 11 ਮੀਟਿੰਗਾਂ ਬੇਸਿੱਟਾ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਕਾਨੂੰਨਾਂ ਦੀ ਹਰ ਮੱਦ ਉਪਰ ਚਰਚਾ ਹੋਈ ਸੀ। ਉਨ੍ਹਾਂ ਕਿਹਾ,‘‘ਮੋਦੀ ਸਰਕਾਰ ਝੂਠ ਬੋਲ ਰਹੀ ਹੈ ਜਦੋਂ ਕਿ ਸਾਰੀ ਦੁਨੀਆ ਇਸ ਸ਼ਾਂਤਮਈ ਅੰਦੋਲਨ ਨੂੰ ਦੇਖ ਰਹੀ ਹੈ ਅਤੇ ਕੇਂਦਰੀ ਮੰਤਰੀਆਂ ਨੇ ਬੈਠਕਾਂ ਦੌਰਾਨ ਇਸ਼ਾਰਾ ਕੀਤਾ ਸੀ ਕਿ ਕਾਨੂੰਨ ਨੂੰ ਖਾਲੀ ਪੀਪਾ ਬਣਾ ਦਿੰਦੇ ਹਾਂ ਪਰ ਵਾਪਸ ਨਹੀਂ ਲੈ ਸਕਦੇ ਕਿਉਂਕਿ ਇਸ ਨਾਲ ਸਰਕਾਰ ਦੀ ਕਿਰਕਿਰੀ ਹੋਵੇਗੀ।’’ ਆਗੂਆਂ ਨੇ ਕਿਹਾ ਕਿ ਅਗਲੇ ਦਿਨਾਂ ਦੌਰਾਨ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਵੱਲ ਰੁਖ਼ ਕੀਤਾ ਜਾਵੇਗਾ ਤੇ ਉੱਥੋਂ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀਆਂ ਕਮੀਆਂ ਦੱਸੀਆਂ ਜਾਣਗੀਆਂ।
ਗਾਜ਼ੀਪੁਰ ਦੇ ਕਿਸਾਨਾਂ ਨੇ ਡਾਸਨਾ ਕੋਲ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਮਾਰਗ ਜਾਮ ਕਰਕੇ ਕੌਮੀ ਤਿਰੰਗੇ ਅਤੇ ਯੂਨੀਅਨਾਂ ਦੇ ਝੰਡੇ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਜਾਮ ਸਫ਼ਲ ਰਹਿਣ ’ਤੇ ਸਰਕਾਰ ਨੂੰ ਕੰਬਣੀ ਜ਼ਰੂਰ ਛਿੜੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਾਮ ਦੌਰਾਨ ਰਾਹਗੀਰਾਂ ਲਈ ਲੰਗਰ, ਪਾਣੀ, ਚਾਹ ਅਤੇ ਹੋਰ ਪ੍ਰਬੰਧ ਕੀਤੇ ਗਏ ਸਨ। ਪੈਰੀਫੇਰੀਅਲ ਮਾਰਗ ਬੰਦ ਹੋਣ ਕਰਕੇ ਲੋਕਾਂ ਨੂੰ ਬਦਲਵੇਂ ਰੂਟਾਂ ਤੋਂ ਗੱਡੀਆਂ ਕੱਢ ਕੇ ਆਪਣੀਆਂ ਮੰਜ਼ਿਲਾਂ ਵੱਲ ਜਾਣਾ ਪਿਆ।
ਉਧਰ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਟੌਲ ਪਲਾਜ਼ੇ ’ਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜਾਮ ਲਗਇਆ ਗਿਆ। ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਅਣਗੌਲਿਆ ਕਰਕੇ ਭੁਲੇਖਾ ਪਾਲ ਰਹੀ ਹੈ ਕਿ ਉਹ ਘਰਾਂ ਨੂੰ ਪਰਤ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ 100 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਿਹਾ ਸ਼ਾਂਤਮਈ ਕਿਸਾਨ ਮੋਰਚਾ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰਹੇਗਾ। ਉਨ੍ਹਾਂ ਮੁਤਾਬਕ ਇਹ ਲੜਾਈ ਮੋਦੀ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ, ਵਿਦੇਸ਼ੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ਦੀਆਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਸਬਰ ਅਤੇ ਏਕੇ ਨਾਲ ਇਹ ਲੜਾਈ ਲੜਨ ਦੀ ਲੋੜ ਹੈ।
ਸਰਕਾਰ ਕਾਨੂੰਨ ਰੱਦ ਕਰੇ ਤਾਂ ਅਸੀਂ ਗੱਲਬਾਤ ਲਈ ਰਾਜ਼ੀ: ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੁੰਡਲੀ ’ਚ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਰਾਜ਼ੀ ਹਨ ਪਰ ਖੇਤੀ ਕਾਨੂੰਨਾਂ ਵਿੱਚ ਸੋਧ ਸਵੀਕਾਰ ਨਹੀਂ ਹੈ ਸਗੋਂ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਜੇਕਰ ਸਰਕਾਰ ਸਾਨੂੰ ਬੁਲਾਉਂਦੀ ਹੈ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਸਾਡੀ ਮੰਗ ਇੱਕੋ ਹੈ। ਅਸੀਂ ਤਿੰਨਾਂ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਹਾਂ। ਅਸੀਂ ਕੋਈ ਸੋਧ ਸਵੀਕਾਰ ਨਹੀਂ ਕਰਾਂਗੇ।’’