ਜਵਾਨ ਹਰਜਿੰਦਰ ਸਿੰਘ ਨੂੰ ਅੰਤਿਮ ਵਿਦਾਇਗੀ
ਸੰਗਰੂਰ ਸ਼ਹਿਰ ਦੀ ਸ਼ਿਵਮ ਕਲੋਨੀ ਦੇ ਵਸਨੀਕ ਜਵਾਨ ਹਰਜਿੰਦਰ ਸਿੰਘ ਦਾ ਅੱਜ ਇੱਥੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਲੰਘੀ 29 ਨਵੰਬਰ ਨੂੰ ਆਸਾਮ ਵਿਚ ਡਿਊਟੀ ਦੌਰਾਨ ਹਰਜਿੰਦਰ ਸਿੰਘ (40) ਦੀ ਅਚਾਨਕ ਮੌਤ ਹੋ ਗਈ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ।
ਅੱਜ ਹਰਜਿੰਦਰ ਸਿੰਘ ਦੀ ਤਿਰੰਗੇ ਵਿਚ ਲਪੇਟੀ ਦੇਹ ਸਥਾਨਕ ਸ਼ਿਵਮ ਕਲੋਨੀ ਉਸ ਦੇ ਘਰ ਲਿਆਂਦੀ ਗਈ ਤਾਂ ਮਾਹੌਲ ਗਮਗੀਨ ਹੋ ਗਿਆ। ਅੰਤਿਮ ਰਸਮਾਂ ਮਗਰੋਂ ਅੱਜ ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਹਰਜਿੰਦਰ ਸਿੰਘ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਅੰਤਿਮ ਵਿਦਾਇਗੀ ਦਿੱਤੀ। ਹਰਜਿੰਦਰ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿੱਛੇ ਪਰਿਵਾਰ ’ਚ ਪਤਨੀ, 12 ਸਾਲ ਦੀ ਧੀ, ਡੇਢ ਸਾਲ ਦੇ ਪੁੱਤਰ ਤੇ ਵਿਧਵਾ ਮਾਂ ਹੈ। ਉਹ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ। ਇਸ ਮੌਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਅਫਸੋਸ ਜਤਾਇਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਹਰਜਿੰਦਰ ਸਿੰਘ ਨੂੰ ਸ਼ਰਧਾਂਜ਼ਲੀ ਦੇਣ ਲਈ ਨਹੀਂ ਪੁੱਜਿਆ ਜਦੋਂ ਕਿ ਉਹ ਫੌਜ ਵਿਚ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ। ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਵਿੱਤੀ ਮਦਦ ਦਿੱਤੀ ਜਾਵੇ।
