ਮਸ਼ਹੂਰ ਗਾਇਕਾ Suman Kalyanpur ਦਾ ਦੇਹਾਂਤ
‘ਨਾ ਨਾ ਕਰਤੇ’ ਅਤੇ ‘ਤੁਮਨੇ ਪੁਕਾਰਾ’ ਵਰਗੇ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਗਾਇਕਾ ਸੁਮਨ ਕਲਿਆਣਪੁਰ ਦਾ ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਗਾਇਕਾ ’ਤੇ...
‘ਨਾ ਨਾ ਕਰਤੇ’ ਅਤੇ ‘ਤੁਮਨੇ ਪੁਕਾਰਾ’ ਵਰਗੇ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਗਾਇਕਾ ਸੁਮਨ ਕਲਿਆਣਪੁਰ ਦਾ ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਗਾਇਕਾ ’ਤੇ ਪ੍ਰਸਿੱਧ ਮਰਾਠੀ ਜੀਵਨੀ ‘ਸੁਮਨ ਸੁਗੰਧ’ ਲਿਖਣ ਵਾਲੀ ਮੰਗਲਾ ਖਾਡਿਲਕਰ ਨੇ ਦੱਸਿਆ, ‘‘ਸੁਮਨ ਜੀ ਦਾ ਲੰਘੀ ਰਾਤ ਕਰੀਬ 8 ਵਜੇ ਲੋਖੰਡਵਾਲਾ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਬੁਢਾਪੇ ਕਾਰਨ ਦੇਹਾਂਤ ਹੋ ਗਿਆ।’’ ਸੁਮਨ ਕਲਿਆਣਪੁਰ ਨੇ 1960 ਅਤੇ 1970 ਦੇ ਦਹਾਕੇ ਦਰਮਿਆਨ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਉਸ ਦੌਰ ਦੀ ਚੋਟੀ ਦੀ ਗਾਇਕਾ ਲਤਾ ਮੰਗੇਸ਼ਕਰ ਦੇ ਹੁੰਦਿਆਂ ਵੀ ਫਿਲਮ ਇੰਡਸਟਰੀ ਵਿੱਚ ਆਪਣੇ ਲਈ ਖਾਸ ਅਤੇ ਵੱਖਰੀ ਜਗ੍ਹਾ ਬਣਾਈ। ਕਲਿਆਣਪੁਰ ਨੇ ਹਿੰਦੀ, ਮਰਾਠੀ, ਅਸਾਮੀ, ਕੰਨੜ, ਬੰਗਾਲੀ, ਉੜੀਆ ਸਣੇ ਕਈ ਭਾਸ਼ਾਵਾਂ ਵਿੱਚ ਗੀਤ ਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਧਾਰਮਿਕ ਗੀਤ (ਭਜਨ), ਗ਼ਜ਼ਲਾਂ ਅਤੇ ਠੁਮਰੀਆਂ ਵੀ ਗਾਈਆਂ।
ਸਰਕਾਰੀ ਸਨਮਾਨਾਂ ਨਾਲ ਸਸਕਾਰ
ਮੁੰਬਈ: ‘ਰਹੇਂ ਨਾ ਰਹੇਂ ਹਮ’... ਇਸ ਸ਼ੋਕਮਈ ਅਤੇ ਯਾਦਗਾਰੀ ਗੀਤ ਦੀਆਂ ਧੁਨਾਂ ਪਿੱਠਭੂਮੀ ਵਿੱਚ ਗੂੰਜ ਰਹੀਆਂ ਸਨ, ਜਦੋਂ ਸਦੀਵੀਂ ਅਲਵਿਦਾ ਕਹਿ ਚੁੱਕੀ ਗਾਇਕਾ ਸੁਮਨ ਕਲਿਆਣਪੁਰ ਦਾ ਅੱਜ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਅਤੇ ਮੁੰਬਈ ਪੁਲੀਸ ਦੇ ਜਵਾਨਾਂ ਨੇ ਸਾਂਤਾਕਰੂਜ਼ ਸ਼ਮਸ਼ਾਨਘਾਟ ਵਿੱਚ ਰਸਮੀ ਸਲਾਮੀ ਦਿੱਤੀ, ਜਿੱਥੇ ਉਨ੍ਹਾਂ ਦੀ ਧੀ ਚਾਰੂ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ। ਜਿਵੇਂ ਹੀ ਚਿਤਾ ਨੂੰ ਅਗਨੀ ਦਿਖਾਈ ਗਈ, ਕਈ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਗਾਇਕਾ ਨੂੰ ਆਖਰੀ ਵਿਦਾਈ ਦੇਣ ਲਈ 1966 ਦੀ ਫਿਲਮ ‘ਮਮਤਾ’ ਦਾ ਉਹ ਸਦਾਬਹਾਰ ਅਤੇ ਭਾਵੁਕ ਦੁਗਾਣਾ ‘ਰਹੇਂ ਨਾ ਰਹੇਂ ਹਮ, ਮਹਿਕਾ ਕਰੇਂਗੇ’ ਗਾਇਆ।

