Nagpur Factory Blast: ਨਾਗਪੁਰ ਫੈਕਟਰੀ ਵਿੱਚ ਧਮਾਕੇ ਕਾਰਨ 18 ਮੌਤਾਂ, 24 ਜ਼ਖਮੀ
ਡੈਟੋਨੇਟਰ ਪੈਕਿੰਗ ਯੂਨਿਟ ’ਚ ਵਾਪਰਿਆ ਹਾਦਸਾ; 18 ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ-ਇਲਾਜ
ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਵਿਸਫੋਟਕ ਬਣਾਉਣ ਵਾਲੀ ਫੈਕਟਰੀ ’ਚ ਹੋਏ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ 18 ਮਜ਼ਦੂਰਾਂ ਦੀ ਸੜਨ ਕਾਰਨ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਨਾਜ਼ੁਕ ਹੈ। ਪੁਲੀਸ ਨੇ ਦੱਸਿਆ ਕਿ ਇਹ ਧਮਾਕਾ ਕਾਟੋਲ ਤਹਿਸੀਲ ਦੇ ਰਾਉਲਗਾਂਵ ਵਿਖੇ ਮਾਈਨਿੰਗ ਅਤੇ ਉਦਯੋਗਿਕ ਵਿਸਫੋਟਕ ਬਣਾਉਣ ਵਾਲੀ ਕੰਪਨੀ ਐੱਸ ਬੀ ਐੱਲ ਐਨਰਜੀ ਲਿਮਟਿਡ (SBL Energy Limited) ਦੇ ਡੈਟੋਨੇਟਰ ਪੈਕਿੰਗ ਯੂਨਿਟ ਵਿੱਚ ਸਵੇਰੇ 7 ਵਜੇ ਤੋਂ 7:15 ਵਜੇ ਦੇ ਵਿਚਕਾਰ ਹੋਇਆ। ਦਿਨ ਵੇਲੇ ਇਲਾਜ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਅਤੇ 24 ਜ਼ਖਮੀ ਮਜ਼ਦੂਰ ਨਾਗਪੁਰ ਦੇ ਦੋ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ।
ਪੁਲੀਸ ਅਨੁਸਾਰ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੈ, ਇਸ ਲਈ ਮ੍ਰਿਤਕਾਂ ਦੀ ਸ਼ਨਾਖਤ ਲਈ ਪਰਿਵਾਰਕ ਮੈਂਬਰਾਂ ਦੇ ਡੀ.ਐੱਨ.ਏ. (DNA) ਨਮੂਨੇ ਲਏ ਜਾ ਰਹੇ ਹਨ। ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 50 ਕਿਲੋਮੀਟਰ ਦੂਰ ਸਥਿਤ ਫੈਕਟਰੀ ਕੰਪਾਊਂਡ ਵਿੱਚ ਪੀੜਤਾਂ ਦੇ ਪਰਿਵਾਰਕ ਮੈਂਬਰ ਆਪਣੇ ਪਿਆਰਿਆਂ ਦੀ ਖ਼ਬਰ ਲੈਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਧਮਾਕੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਐੱਨ ਡੀ ਆਰ ਐੱਫ (NDRF) ਅਤੇ ਐੱਸ ਡੀ ਆਰ ਐੱਫ (SDRF) ਦੀਆਂ ਟੀਮਾਂ ਦੇ ਨਾਲ-ਨਾਲ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (PESO) ਅਤੇ ਰੱਖਿਆ ਸੂਚਨਾ ਪ੍ਰਣਾਲੀ (DISS) ਦੇ ਅਧਿਕਾਰੀਆਂ ਨੇ ਬਚਾਅ ਕਾਰਜ ਚਲਾਏ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀ ਐੱਮ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਫੜਨਵੀਸ ਨੇ ਵੀ ਸੂਬਾ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਜਦਕਿ ਸਬੰਧਤ ਕੰਪਨੀ ਵੀ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਵੇਗੀ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਪੈਕਿੰਗ ਖੇਤਰ ਵਿੱਚ ਵਾਪਰੀ ਜਿੱਥੇ ਉਸ ਸਮੇਂ ਕੋਈ ਨਿਰਮਾਣ ਕਾਰਜ ਨਹੀਂ ਚੱਲ ਰਿਹਾ ਸੀ। ਹਸਪਤਾਲ ਦੀ ਰਿਪੋਰਟ ਅਨੁਸਾਰ ਆਈ ਸੀ ਯੂ ਵਿੱਚ ਦਾਖਲ 18 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ 30 ਤੋਂ 80 ਫੀਸਦੀ ਤੱਕ ਸੜ ਚੁੱਕੇ ਹਨ ਅਤੇ ਧਮਾਕੇ ਕਾਰਨ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਕੁਝ ਮਰੀਜ਼ਾਂ ਨੂੰ ਸੁਣਨ ਦੀ ਸ਼ਕਤੀ ਗੁਆਉਣ ਅਤੇ ਹੱਡੀਆਂ ਟੁੱਟਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦੋਸ਼ ਲਾਇਆ ਕਿ ਵਿਸਫੋਟਕ ਬਣਾਉਣ ਵਾਲੀਆਂ ਫਰਮਾਂ ਦੇ ਸੁਰੱਖਿਆ ਆਡਿਟ ਵਿੱਚ ਲਾਪਰਵਾਹੀ ਕਾਰਨ ਅਜਿਹੇ ਹਾਦਸੇ ਵਧ ਰਹੇ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਛੇ ਮਹੀਨੇ ਪਹਿਲਾਂ ਹੀ ਸਰਕਾਰ ਨੂੰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਸੀ।

