Facebook ਅਤੇ Instagram ਦੀਆਂ ਸੇਵਾਵਾਂ ਠੱਪ
ਵਿਸ਼ਵ ਭਰ ਵਿਚ ਆਈ ਸਮੱਸਿਆ; ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲੌਗਇਨ ਦੀ ਸਮੱਸਿਆ
ਮੈਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਐਤਵਾਰ ਨੂੰ ਅਚਾਨਕ ਠੱਪ ਹੋ ਗਈਆਂ, ਜਿਸ ਕਾਰਨ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਉਪਭੋਗਤਾਵਾਂ ਨੂੰ ਆਪਣੇ ਖਾਤੇ ਲੌਗਇਨ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਤਕਨੀਕੀ ਨੁਕਸ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਊਨਡਿਟੈਕਟਰ ਮੁਤਾਬਕ ਉਪਭੋਗਤਾਵਾਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦੁਪਹਿਰ ਦੇ ਸਮੇਂ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਸਨ, ਹਾਲਾਂਕਿ ਕੁਝ ਘੰਟਿਆਂ ਬਾਅਦ ਇਸ ਸਮੱਸਿਆ ਵਿੱਚ ਸੁਧਾਰ ਦੇਖਣ ਨੂੰ ਮਿਲਿਆ।
ਇਸ ਤਕਨੀਕੀ ਖ਼ਰਾਬੀ ਦੌਰਾਨ ਕਈ ਫੇਸਬੁੱਕ ਉਪਭੋਗਤਾਵਾਂ ਦੇ ਸਕ੍ਰੀਨ 'ਤੇ ਇਹ ਸੁਨੇਹਾ ਦਿਖਾਈ ਦੇ ਰਿਹਾ ਸੀ, ''ਖਾਤਾ ਅਸਥਾਈ ਤੌਰ 'ਤੇ ਉਪਲਬਧ ਨਹੀਂ ਹੈ। ਸਾਈਟ ਦੀ ਸਮੱਸਿਆ ਕਾਰਨ ਤੁਹਾਡਾ ਖਾਤਾ ਇਸ ਵੇਲੇ ਉਪਲਬਧ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਜਲਦੀ ਹੀ ਠੀਕ ਹੋ ਜਾਵੇਗਾ। ਕਿਰਪਾ ਕਰਕੇ ਕੁਝ ਮਿੰਟਾਂ ਬਾਅਦ ਦੁਬਾਰਾ ਕੋਸ਼ਿਸ਼ ਕਰੋ।’'
ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਉਪਭੋਗਤਾਵਾਂ ਨੇ ਇੰਸਟਾਗ੍ਰਾਮ ਖਾਤੇ ਚਲਾਉਣ ਵਿੱਚ ਵੀ ਇਹੀ ਸਮੱਸਿਆ ਦੱਸੀ। ਇਸ ਸਬੰਧ ਵਿੱਚ ਜਦੋਂ ਮੈਟਾ ਕੰਪਨੀ ਨੂੰ ਈਮੇਲ ਰਾਹੀਂ ਸਵਾਲ ਭੇਜਿਆ ਗਿਆ, ਤਾਂ ਉਨ੍ਹਾਂ ਵੱਲੋਂ ਤੁਰੰਤ ਕੋਈ ਜਵਾਬ ਸਾਹਮਣੇ ਨਹੀਂ ਆਇਆ।

