ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੀ ਸੀਰੀਆ ਫੇਰੀ ਦੌਰਾਨ ਅੱਜ ਦਮਸ਼ਕ ਵਿੱਚ ਹੋਏ ਧਮਾਕਿਆਂ ਵਿੱਚ 18 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਚਾਰ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਸੀਰੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਕਰੌਂ ਜਿਵੇਂ ਹੀ ਆਪਣੇ ਸੀਰਿਆਈ ਹਮਰੁਤਬਾ ਅਹਿਮਦ ਅਲ-ਸ਼ਰਾ ਨੂੰ ਮਿਲਣ ਲਈ ਰਾਸ਼ਟਰਪਤੀ ਪੈਲੇਸ ਵਿੱਚ ਦਾਖ਼ਲ ਹੋਏ ਤਾਂ ਫੋਰ ਸੀਜ਼ਨਜ਼ ਹੋਟਲ ਨੇੜੇ ਧਮਾਕੇ ਹੋਏ। ਮੁਕਾਮੀ ਮੀਡੀਆ ਦੀ ਰਿਪੋਰਟ ਮੁਤਾਬਕ ਮੈਕਰੌਂ ਇਸੇ ਹੋਟਲ ਵਿੱਚ ਠਹਿਰੇ ਹਨ। ਫਰਾਂਸੀਸੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਨੇ ਕਿਹਾ ਕਿ ਮੈਕਰੌਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਦੀ ਆਪਣੇ ਸੀਰਿਆਈ ਹਮਰੁਤਬਾ ਨਾਲ ਗੱਲਬਾਤ ਜਾਰੀ ਸੀ। ਮੈਕਰੌਂ ਪਹਿਲੇ ਪ੍ਰਮੁੱਖ ਪੱਛਮੀ ਆਗੂ ਹਨ ਜੋ ਅਲ-ਸ਼ਰਾ ਦੇ ਸੱਤਾ ਵਿੱਚ ਆਉਣ ਮਗਰੋਂ ਸੀਰੀਆ ਫੇਰੀ ’ਤੇ ਆਏ ਹਨ। ਇਹ ਧਮਾਕੇ ਅਲ-ਸ਼ਰਾ ਲਈ ਝਟਕਾ ਹਨ ਜੋ 2024 ਵਿੱਚ ਬਸ਼ਰ ਅਸਦ ਨੂੰ ਸੱਤਾ ਤੋਂ ਲਾਂਭੇ ਕਰਨ ਮਗਰੋਂ ਸੱਤਾ ਵਿੱਚ ਆਏ ਸਨ।
ਗ੍ਰਹਿ ਮੰਤਰਾਲੇ ਨੇ ਸਰਕਾਰੀ ਮੀਡੀਆ ਦੇ ਹਵਾਲੇ ਕਿਹਾ ਕਿ ਰਾਜਧਾਨੀ ਦੇ ਐਨ ਵਿਚਾਲੇ ਦੋ ਵਿਸਫੋਟ ਹੋਏ ਜੋ ਧਮਾਕਾਖੇਜ਼ ਯੰਤਰ ਨਾਲ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇਕ ਕੂੜੇਦਾਨ ਤੇ ਦੂਜਾ ਖੜ੍ਹੀ ਕਾਰ ਵਿੱਚ ਰੱਖਿਆ ਸੀ। ਜ਼ਖ਼ਮੀਆਂ ’ਚ ਚਾਰ ਪੁਲੀਸ ਅਧਿਕਾਰੀ ਸ਼ਾਮਲ ਹਨ ਤੇ ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਮਲੇ ਵਾਲੀ ਥਾਂ ਜਾਚ ਜਾਰੀ ਸੀ ਤੇ ਉਥੋਂ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦੇਖਿਆ ਗਿਆ। ਦਮਸ਼ਕ ਦੇ ਇਸ ਇਲਾਕੇ ’ਚ ਆਵਾਜਾਈ ਲੱਗੀ ਰਹਿੰਦੀ ਹੈ ਅਤੇ ਸੈਰ-ਸਪਾਟਾ ਮੰਤਰਾਲੇ ਦੇ ਮੁੱਖ ਦਫਤਰ ਅਤੇ ਦਮਸ਼ਕ ਰਾਸ਼ਟਰੀ ਅਜਾਇਬ ਘਰ ਇਥੋਂ ਨੇੜੇ ਹਨ। ਸੋਸ਼ਲ ਮੀਡੀਆ ’ਤੇ ਸਰਕੁਲੇਟ ਹੋਈ ਫੁਟੇਜ ਵਿੱਚ ਵੈਨ ਤੇ ਮੋਟਰਸਾਈਕਲ ਨੂੰ ਅੱਗ ਲੱਗੀ ਤੇ ਸੜਕ ਉੱਤੇ ਖੂਨ ਦੇ ਧੱਬੇ ਦੇਖੇ ਜਾ ਸਕਦੇ ਹਨ। ਹਾਲ ਦੀ ਘੜੀ ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਏਪੀ
