Tamil Nadu ’ਚ Women ਲਈ ਵਿਸਥਾਰਤ Free Bus Service ਸ਼ੁਰੂ
ਮੁੱਖ ਮੰਤਰੀ ਵਿਜੈ ਨੇ ਔਰਤਾਂ ਦੀਆਂ ‘ਸਿਫ਼ਰ ਕਿਰਾਏ’ ਦੀਆਂ ਟਿਕਟਾਂ ਕੱਟੀਆਂ
ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ ਅੱਜ ਗਾਂਧੀ ਜੈਅੰਤੀ ਮੌਕੇ ਔਰਤਾਂ ਲਈ ਵਿਸਥਾਰਤ ਮੁਫ਼ਤ ਬੱਸ ਯਾਤਰਾ ਯੋਜਨਾ ‘ਵੈਤਰੀ ਪਯਨਮ’ ਦੀ ਸ਼ੁਰੂਆਤ ਕਰਦਿਆਂ ਕੋਯਮਬੇਡੂ ਬੱਸ ਅੱਡੇ ’ਤੇ ਔਰਤਾਂ ਦੀਆਂ ‘ਸਿਫ਼ਰ ਕਿਰਾਏ’ ਦੀਆਂ ਟਿਕਟਾਂ ਕੱਟੀਆਂ। ਵਿਸਥਾਰਤ ਯੋਜਨਾ ਤਹਿਤ ਮੁਫ਼ਤ ਬੱਸ ਯਾਤਰਾ ਦਾ ਦਾਇਰਾ ਵਧਾਇਆ ਗਿਆ ਹੈ।
ਇਹ ਸਹੂਲਤ ਪਹਿਲਾਂ ਆਮ ਸ਼ਹਿਰਾਂ ਤੇ ਕਸਬਿਆਂ ਦੀਆਂ ਬੱਸਾਂ ਅਤੇ ਪਹਾੜੀ ਖੇਤਰਾਂ ’ਚ 40 ਕਿਲੋਮੀਟਰ ਤੱਕ ਦੀ ਯਾਤਰਾ ਤੱਕ ਸੀਮਤ ਸੀ। ਹੁਣ ਇਸ ਦੇ ਦਾਇਰੇ ’ਚ ਰਾਜ ਦੀਆਂ ਸੱਤ ਸਰਕਾਰੀ ਟਰਾਂਸਪੋਰਟ ਨਿਗਮਾਂ ਵੱਲੋਂ ਚਲਾਈਆਂ ਜਾ ਰਹੀਆਂ ‘ਐਕਸਪ੍ਰੈੱਸ’, ਲਿਮਿਟਡ ਸਟੌਪ ਸਰਵਿਸ (ਐੱਲ ਐੱਸ ਐੱਸ), ਡੀਲਕਸ, ‘ਮੋਫਸਿਲ ਆਰਡੀਨਰੀ’ ਅਤੇ 40 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਚੱਲਣ ਵਾਲੀ ‘ਘਾਟ ਆਰਡੀਨਰੀ’ ਬੱਸ ਸੇਵਾਵਾਂ ਵੀ ਸ਼ਾਮਲ ਹੋਣਗੀਆਂ। ਇਸੇ ਦੌਰਾਨ ਡੀ ਐੱਮ ਕੇ ਦੇ ਪ੍ਰਧਾਨ ਐੱਮ ਕੇ ਸਟਾਲਿਨ ਨੇ ਵਿਜੈ ਨੂੰ ਸਵਾਲ ਪੁੱਛਿਆ ਕਿ ਕੀ ‘ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ’ ਵਿੱਚ ਰੁੱਝੇ ਹੋਣ ਕਾਰਨ ਉਨ੍ਹਾਂ ਨੂੰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਕੋਈ ਅਹਿਸਾਸ ਹੈ?
ਸਾਈਨਬੋਰਡ ’ਤੇ ਹਿੰਦੀ ਵਰਤਣ ਵਾਲੇ ਅਧਿਕਾਰੀ ਮੁਅੱਤਲ
ਚੇਨੱਈ: ਤਾਮਿਲ ਨਾਡੂ ਸਰਕਾਰ ਨੇ ਕਿਹਾ ਕਿ ਰਾਜ ਅਧੀਨ ਆਉਣ ਵਾਲੇ ਸ਼ਾਹਰਾਹ ਦੇ ਸਾਈਨਬੋਰਡ ’ਤੇ ਅਧਿਕਾਰਤ ਦੋ-ਭਾਸ਼ਾਈ ਨੀਤੀ ਦੀ ਉਲੰਘਣਾ ਕਰ ਕੇ ਹਿੰਦੀ ਸ਼ਬਦਾਂ ਦੀ ਵਰਤੋਂ ਕਰਨ ਕਾਰਨ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਹਿੰਦੀ ਦੇ ਸ਼ਬਦ ਸਾਈਨ ਬੋਰਡ ਤੋਂ ਮਿਟਾ ਦਿੱਤੇ ਗਏ ਹਨ ਅਤੇ ਸ਼ਾਹਰਾਹ ਵਿਭਾਗ ’ਚ ਸਹਾਇਕ ਇੰਜਨੀਅਰ ਦੇ ਅਹੁਦੇ ’ਤੇ ਤਾਇਨਾਤ ਦੋਵਾਂ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। -ਪੀਟੀਆਈ

