ਮਿਸਾਲੀ ਅਧਿਆਏ: ਪੰਜ ਪੀੜ੍ਹੀਆਂ, ਇੱਕ ਰੈਜੀਮੈਂਟ
ਅਹਿਲਾਵਤ ਪਰਿਵਾਰ ਨੇ ਸਕਿਨਰਜ਼ ਹੌਰਸ ਨਾਲ 140 ਸਾਲ ਪੁਰਾਣੀ ਵਿਰਾਸਤ ਨੂੰ ਅੱਗੇ ਵਧਾਇਆ
ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਗੋਛੀ ਦੇ ਅਹਿਲਾਵਤ ਪਰਿਵਾਰ ਨੇ ਭਾਰਤੀ ਫ਼ੌਜ ਦੇ ਇਤਿਹਾਸ ਵਿੱਚ ਮਿਸਾਲੀ ਅਧਿਆਏ ਲਿਖਿਆ ਹੈ। ਲਗਾਤਾਰ ਪੰਜ ਪੀੜ੍ਹੀਆਂ ਤੋਂ ਇਸ ਪਰਿਵਾਰ ਨੇ ਨਾ ਸਿਰਫ਼ ਫ਼ੌਜੀ ਸੇਵਾ ਨੂੰ ਆਪਣਾ ਜੀਵਨ ਚੁਣਿਆ ਹੈ, ਸਗੋਂ ਉਹ ਇੱਕੋ ਘੋੜ-ਸਵਾਰ ਰੈਜੀਮੈਂਟ-1 ਹੌਰਸ ਜਿਸ ਨੂੰ ਆਮ ਤੌਰ ’ਤੇ ‘ਸਕਿਨਰਜ਼ ਹੌਰਸ’ ਕਿਹਾ ਜਾਂਦਾ ਹੈ, ਨਾਲ ਜੁੜੇ ਰਹੇ ਹਨ।
5 ਸਤੰਬਰ ਨੂੰ ਲੈਫਟੀਨੈਂਟ ਸ਼ਿਵਮ ਅਹਿਲਾਵਤ ਦੇ ਕਮਿਸ਼ਨਡ ਹੋਣ ਦੇ ਨਾਲ, ਪਰਿਵਾਰ ਨੇ ਸਕਿਨਰਜ਼ ਹੌਰਸ ਨਾਲ ਆਪਣਾ 140 ਸਾਲਾਂ ਦਾ ਗ਼ੈਰ-ਮਾਮੂਲੀ ਸਫਰ ਪੂਰਾ ਕਰ ਲਿਆ ਹੈ। ਇਹ ਪ੍ਰਾਪਤੀ ਫ਼ੌਜੀ ਰਵਾਇਤ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਅੱਗੇ ਵਧਾਉਣ ਦੀ ਦੁਰਲੱਭ ਮਿਸਾਲ ਹੈ, ਜਿਸ ਵਿੱਚ ਹਰੇਕ ਪੀੜ੍ਹੀ ਨੇ ਇੱਕੋ ਰੈਜੀਮੈਂਟ ਵਿੱਚ ਸੇਵਾ ਨਿਭਾਈ ਹੈ। ਗੋਛੀ ਦੇ ਵਸਨੀਕ ਇਸ ਇਤਿਹਾਸਕ ਪ੍ਰਾਪਤੀ ਤੋਂ ਕਾਫ਼ੀ ਖ਼ੁਸ਼ ਹਨ ਅਤੇ ਜਲਦੀ ਹੀ ਸ਼ਾਨਦਾਰ ਸਨਮਾਨ ਸਮਾਰੋਹ ਕਰ ਕੇ ਅਹਿਲਾਵਤ ਪਰਿਵਾਰ ਦਾ ਪਿੰਡ ਵਿੱਚ ਸਨਮਾਨ ਕਰਨ ਦੀ ਯੋਜਨਾ ਬਣਾ ਰਹੇ ਹਨ।
ਲੈਫਟੀਨੈਂਟ ਸ਼ਿਵਮ ਅਹਿਲਾਵਤ ਦੇ ਪਿਤਾ ਕਰਨਲ ਸੰਦੀਪ ਅਹਿਲਾਵਤ ਨੇ ਕਿਹਾ, ‘‘ਸਕਿਨਰਜ਼ ਹੌਰਸ ਨਾਲ ਪਰਿਵਾਰ ਦਾ ਸਫ਼ਰ 1886 ਵਿੱਚ ਸ਼ੁਰੂ ਹੋਇਆ ਸੀ, ਜਦੋਂ ਮੇਰੇ ਪੜਦਾਦਾ ਸੋਵਰ ਸ਼ਿਓ ਚੰਦ ਅਹਿਲਾਵਤ ਇਸ ਰੈਜੀਮੈਂਟ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਸ਼ਾਇਦ ਹੀ ਕਦੇ ਸੋਚਿਆ ਹੋਵੇਗਾ ਕਿ ਨੇਜ਼ਾ ਤੇ ਤਲਵਾਰ ਚੁੱਕਣ ਅਤੇ ਰੈਜੀਮੈਂਟ ਦੀ ਵਿਲੱਖਣ ਪੀਲੀ ਵਰਦੀ ਪਹਿਨਣ ਦਾ ਉਨ੍ਹਾਂ ਦਾ ਫ਼ੈਸਲਾ ਅਜਿਹੀ ਰਵਾਇਤ ਦੀ ਸ਼ੁਰੂਆਤ ਕਰੇਗਾ ਜੋ ਪੰਜ ਪੀੜ੍ਹੀਆਂ ਤੱਕ ਜਾਰੀ ਰਹੇਗੀ।’’ ਉਨ੍ਹਾਂ ਹੋਰ ਕਿਹਾ, ‘‘ਭਾਰਤੀ ਫ਼ੌਜ ਦੀ ਇਸ ਖ਼ਾਸ ਘੋੜ-ਸਵਾਰ ਰੈਜੀਮੈਂਟ ਨਾਲ ਇਸ ਅਸਾਧਾਰਨ ਸਾਂਝ ਨੂੰ 1995 ਦੀ ‘ਲਿਮਕਾ ਬੁੱਕ ਆਫ਼ ਰਿਕਾਰਡਜ਼’ ਵਿੱਚ ਸੇਵਾ ਦੀ ਵਿਲੱਖਣ ਅਤੇ ਅਨੋਖੀ ਵਿਰਾਸਤ ਵਜੋਂ ਮਾਨਤਾ ਦਿੱਤੀ ਗਈ ਹੈ।’’
ਮੌਜੂਦਾ ਸਮੇਂ ਗੁਰੂਗ੍ਰਾਮ ਵਿੱਚ ਤਾਇਨਾਤ ਕਰਨਲ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਪੜਦਾਦਾ ਨੇ 1886 ਤੋਂ 1918 ਤੱਕ ਇਸ ਰੈਜੀਮੈਂਟ ਵਿੱਚ ਸੇਵਾ ਨਿਭਾਈ। ਉਨ੍ਹਾਂ ਦਾ ਫ਼ੌਜੀ ਕਰੀਅਰ ਉਨ੍ਹਾਂ ਨੂੰ 1900 ਵਿੱਚ ਬਕਸਰ ਵਿਦਰੋਹ ਦੌਰਾਨ ਚੀਨ, ਬਾਅਦ ਵਿੱਚ ਅਫ਼ਗਾਨਿਸਤਾਨ ਅਤੇ ਫਿਰ ਪਹਿਲੀ ਸੰਸਾਰ ਜੰਗ ਦੇ ਮੈਦਾਨਾਂ ਵਿੱਚ ਲੈ ਗਿਆ। ਉਨ੍ਹਾਂ ਦੱਸਿਆ ਕਿ ਇਸ ਰਵਾਇਤ ਨੂੰ ਉਨ੍ਹਾਂ ਦੇ ਪੁੱਤਰ ਕਪਤਾਨ ਦਰਿਆਓ ਸਿੰਘ ਅਹਿਲਾਵਤ ਨੇ ਅੱਗੇ ਵਧਾਇਆ, ਜਿਨ੍ਹਾਂ ਨੇ 1918 ਤੋਂ 1948 ਤੱਕ ਇਸੇ ਰੈਜੀਮੈਂਟ ਵਿੱਚ ਸੇਵਾ ਨਿਭਾਈ ਅਤੇ ਉਹ ਦੂਜੀ ਸੰਸਾਰ ਜੰਗ ਦੇ ਸਾਬਕਾ ਸੈਨਿਕ ਸਨ।
ਕਰਨਲ ਸੰਦੀਪ ਨੇ ਕਿਹਾ, ‘‘ਤੀਜੀ ਪੀੜ੍ਹੀ ਦੀ ਨੁਮਾਇੰਦਗੀ ਮੇਰੇ ਪਿਤਾ ਲੈਫਟੀਨੈਂਟ ਕਰਨਲ ਸ਼ਮਸ਼ੇਰ ਸਿੰਘ ਅਹਿਲਾਵਤ ਨੇ ਕੀਤੀ, ਜਿਨ੍ਹਾਂ ਨੇ 1955 ਤੋਂ 1982 ਤੱਕ ਰੈਜੀਮੈਂਟ ਵਿੱਚ ਸੇਵਾ ਨਿਭਾਈ। ਉਨ੍ਹਾਂ ਨੇ ਗੋਆ ਦੀ ਆਜ਼ਾਦੀ ਅਤੇ 1965 ਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਵਿੱਚ ਹਿੱਸਾ ਲਿਆ ਅਤੇ ਇੱਕ ਜੰਗ ਦੌਰਾਨ ਗੰਭੀਰ ਜ਼ਖ਼ਮੀ ਹੋ ਗਏ ਸਨ। ਉਪਰੰਤ ਮੈਂ ਚੌਥੀ ਪੀੜ੍ਹੀ ਵਜੋਂ 1993 ਵਿੱਚ ਰੈਜੀਮੈਂਟ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੀ ਰਵਾਇਤ ਨੂੰ ਅੱਗੇ ਵਧਾਇਆ। ਆਪਣੀ ਸੇਵਾ ਦੌਰਾਨ, ਮੈਂ ਕਾਰਗਿਲ ਜੰਗ ਅਤੇ ਉੱਤਰ-ਪੂਰਬ ਵਿੱਚ ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲਿਆ ਹੈ। ਮੈਨੂੰ ‘ਦਿ ਸਕਿਨਰਜ਼ ਹੌਰਸ’ ਦੀ ਕਮਾਂਡ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ।’ ਉਨ੍ਹਾਂ ਕਿਹਾ ਕਿ ਹੁਣ ਸ਼ਿਵਮ ਦੇ ਕਮਿਸ਼ਨਡ ਹੋਣ ਨਾਲ ਜ਼ਿੰਮੇਵਾਰੀ ਪੰਜਵੀਂ ਪੀੜ੍ਹੀ ਨੂੰ ਸੌਂਪ ਦਿੱਤੀ ਗਈ ਹੈ।’’

