ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਮਨੀ ਲਾਂਡਰਿੰਗ ਦੇ ਇਕ ਕੇਸ ਵਿਚ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਦੀ ਅੰਤ੍ਰਿਮ ਜ਼ਮਾਨਤ ਵਿਚ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਮੈਡੀਕਲ ਆਧਾਰ ’ਤੇ ਜ਼ਮਾਨਤ ਵਿਚ ਵਾਧਾ ਕਰਨ ਦੀ ਮੰਗ ਕੀਤੀ ਸੀ। ਇਹ ਮਾਮਲਾ ਦਿੱਲੀ ਆਬਕਾਰੀ ਨੀਤੀ ‘ਘੁਟਾਲੇ’ ਨਾਲ ਸਬੰਧਤ ਹੈ। ਅਦਾਲਤ ਨੇ ਕਿਹਾ ਕਿ ਵਾਰ-ਵਾਰ ਜ਼ਮਾਨਤ ਵਿਚ ਵਾਧਾ ਕਰਨ ਨਾਲ ਗਲਤ ਸੁਨੇਹਾ ਜਾਵੇਗਾ। ਹਾਈ ਕੋਰਟ ਨੇ ਕਿਹਾ ਕਿ ਜ਼ਮਾਨਤ ਵਿਚ ਵਾਧਾ ਕਦੇ ਨਾ ਖ਼ਤਮ ਹੋਣ ਵਾਲੀ ਪ੍ਰਕਿਰਿਆ ਬਣ ਗਈ ਹੈ। ਹਾਈ ਕੋਰਟ ਨੇ ਨਾਲ ਹੀ ਸਬੰਧਤ ਜੇਲ੍ਹ ਸੁਪਰਡੈਂਟ ਨੂੰ ਹੁਕਮ ਦਿੱਤਾ ਕਿ 4 ਸਤੰਬਰ ਸ਼ਾਮ ਨੂੰ ਮਹੇਂਦਰੂ ਨੂੰ ਹਿਰਾਸਤ ਵਿਚ ਲੈ ਲਿਆ ਜਾਵੇ। ਇਸੇ ਦਨਿ ਉਸ ਦੀ ਅੰਤ੍ਰਿਮ ਜ਼ਮਾਨਤ ਖ਼ਤਮ ਹੋ ਰਹੀ ਹੈ। ਗੋਡੇ ਦੀ ਸਰਜਰੀ ਤੋਂ ਬਾਅਦ ਮਹੇਂਦਰੂ ਹਸਪਤਾਲ ਵਿਚ ਦਾਖਲ ਹਨ। ਅਦਾਲਤ ਨੇ ਨਾਲ ਹੀ ਏਮਸ ਦੇ ਮੈਡੀਕਲ ਸੁਪਰਡੈਂਟ ਨੂੰ ਹੁਕਮ ਦਿੱਤਾ ਕਿ ਉਹ ਡਾਕਟਰਾਂ ਦਾ ਬੋਰਡ ਬਣਾ ਕੇ ਮੁਲਜ਼ਮ ਦੀ ਜਾਂਚ ਕਰਨ। -ਪੀਟੀਆਈ