ਨਵੀਂ ਦਿੱਲੀ, 15 ਸਤੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਏਜੰਸੀ ਬੀਆਰਐੱਸ ਆਗੂ ਕੇ. ਕਵਿਤਾ ਨੂੰ ਭੇਜੇ ਗਏ ਸੰਮਨਾਂ ਦੀ ਤਾਰੀਕ 10 ਦਿਨ ਹੋਰ ਵਧਾ ਰਹੀ ਹੈ। ਈਡੀ ਨੇ ਕਵਿਤਾ ਨੂੰ ਇਹ ਸੰਮਨ ਦਿੱਲੀ ਆਬਕਾਰੀ ਨੀਤੀ ਕੇਸ ਦੇ ਵਿਚ ਭੇਜੇ ਸਨ। ਏਜੰਸੀ ਨੇ ਬੀਆਰਐੱਸ ਆਗੂ ਨੂੰ ਅੱਜ ਪੇਸ਼ ਹੋਣ ਲਈ ਕਿਹਾ ਸੀ। ਸਿਖ਼ਰਲੀ ਅਦਾਲਤ ਅੱਜ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਆਗੂ ਕਵਿਤਾ ਦੀ ਉਸ ਅਰਜ਼ੀ ’ਤੇ ਸੁਣਵਾਈ ਕਰ ਰਹੀ ਸੀ ਜਿਸ ਵਿਚ ਪਾਰਟੀ ਨੇਤਾ ਨੇ ਈਡੀ ਦੇ ਸੰਮਨਾਂ ਨੂੰ ਚੁਣੌਤੀ ਦਿੱਤੀ ਹੈ, ਤੇ ਗ੍ਰਿਫ਼ਤਾਰੀ ਤੋਂ ਰਾਹਤ ਮੰਗੀ ਹੈ। ਈਡੀ ਵੱਲੋਂ ਪੇਸ਼ ਹੁੰਦਿਆਂ ਵਧੀਕ ਸੌਲਿਸਟਰ ਜਨਰਲ ਐੱਸ.ਵੀ. ਰਾਜੂ ਨੇ ਅਦਾਲਤ ਦੇ ਬੈਂਚ ਨੂੰ ਦੱਸਿਆ ਕਿ ਕਵਿਤਾ ਏਜੰਸੀ ਅੱਗੇ ਪਹਿਲਾਂ ਪੇਸ਼ ਹੋ ਚੁੱਕੀ ਹੈ, ਤੇ ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਲ ਹੈ ਤਾਂ ਸੰਮਨਾਂ ਦੀ ਤਾਰੀਕ ਵਧਾਈ ਜਾ ਸਕਦੀ ਹੈ। ਕਵਿਤਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਸੱਦਿਆ ਗਿਆ ਸੀ। ਬੈਂਚ ਨੇ ਜਦ ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਲਈ ਤੈਅ ਕੀਤੀ ਤਾਂ ਕਵਿਤਾ ਦੇ ਵਕੀਲ ਨੇ ਕਿਹਾ ਕਿ ਸੰਮਨਾਂ ਦੀ ਤਾਰੀਕ ਵੀ ਉਦੋਂ ਤੱਕ ਲਈ ਵਧਾਈ ਜਾ ਸਕਦੀ ਹੈ। -ਪੀਟੀਆਈ