ਕਸ਼ਮੀਰ ’ਚ ਘੁਸਪੈਠ ਦੀ ਹਰ ਕੋਸ਼ਿਸ਼ ਕੀਤੀ ਨਾਕਾਮ: ਬੀ ਐੱਸ ਐੱਫ
ਸਰਹੱਦੀ ਸੁਰੱਖਿਆ ਬਲ ਦੇ 61ਵੇਂ ਸਥਾਪਨਾ ਦਿਵਸ ਮੌਕੇ ਆਈ ਜੀ ਨੇ ਕੀਤਾ ਦਾਅਵਾ
ਸਰਹੱਦੀ ਸੁਰੱਖਿਆ ਬਲ (ਬੀ ਐੱਸ ਐੱਫ) ਨੇ ਦਾਅਵਾ ਕੀਤਾ ਹੈ ਕਿ ਚਾਲੂ ਵਰ੍ਹੇ ਦੌਰਾਨ ਕਸ਼ਮੀਰ ਵਿੱਚ ਕੰਟਰੋਲ ਰੇਖਾ ਰਾਹੀਂ ਕੋਈ ਵੀ ਦਹਿਸ਼ਤਗਰਦ ਘੁਸਪੈਠ ਕਰਨ ਵਿੱਚ ਸਫਲ ਨਹੀਂ ਹੋ ਸਕਿਆ। ਬਲ ਦੇ 61ਵੇਂ ਸਥਾਪਨਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਜੀ (ਕਸ਼ਮੀਰ ਫਰੰਟੀਅਰ) ਅਸ਼ੋਕ ਯਾਦਵ ਨੇ ਦੱਸਿਆ ਕਿ ਬੀ ਐੱਸ ਐੱਫ ਨੇ ਫੌਜ ਨਾਲ ਮਿਲ ਕੇ ਘੁਸਪੈਠ ਦੀਆਂ ਚਾਰ ਕੋਸ਼ਿਸ਼ਾਂ ਨਾਕਾਮ ਕੀਤੀਆਂ ਹਨ। ਇਸ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ 8 ਘੁਸਪੈਠੀਆਂ ਨੂੰ ਮਾਰ ਮੁਕਾਇਆ, ਜਦਕਿ 5 ਹੋਰਾਂ ਨੂੰ ਵਾਪਸ ਭੱਜਣ ਲਈ ਮਜਬੂਰ ਕਰ ਦਿੱਤਾ।
ਆਈ ਜੀ ਯਾਦਵ ਨੇ ਖੁਲਾਸਾ ਕੀਤਾ ਕਿ ਸਰਹੱਦ ਪਾਰ ਬਣੇ 69 ਸਰਗਰਮ ਲਾਂਚਿੰਗ ਪੈਡਾਂ ’ਤੇ ਬੀ ਐੱਸ ਐੱਫ ਦੀ ਜੀ-ਯੂਨਿਟ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਥਾਵਾਂ ’ਤੇ 100 ਤੋਂ 120 ਦੇ ਕਰੀਬ ਦਹਿਸ਼ਤਗਰਦ ਘੁਸਪੈਠ ਕਰਨ ਲਈ ਬੈਠੇ ਹਨ ਅਤੇ ਉਨ੍ਹਾਂ ਦੇ ਸਿਖਲਾਈ ਕੈਂਪ ਵੀ ਖੁਫੀਆ ਵਿੰਗ ਦੀ ਨਿਗਰਾਨੀ ਹੇਠ ਹਨ। ਜਵਾਨ 343 ਕਿਲੋਮੀਟਰ ਲੰਬੀ ਕੰਟਰੋਲ ਰੇਖਾ ’ਤੇ ਪੂਰੀ ਮੁਸਤੈਦੀ ਨਾਲ ਪਹਿਰਾ ਦੇ ਰਹੇ ਹਨ ਅਤੇ ਅਮਰਨਾਥ ਯਾਤਰਾ ਦੌਰਾਨ ਵੀ ਸੁਰੱਖਿਆ ਗਰਿੱਡ ਨੂੰ ਮਜ਼ਬੂਤ ਰੱਖਿਆ ਗਿਆ ਸੀ। ਸਾਲ 2025 ਦੌਰਾਨ ਬੀ ਐੱਸ ਐੱਫ ਦੀ ਸਭ ਤੋਂ ਵੱਡੀ ਪ੍ਰਾਪਤੀ ‘ਅਪਰੇਸ਼ਨ ਸਿੰਧੂਰ’ ਰਹੀ ਹੈ। ਇਸ ਤਹਿਤ ਭਾਰਤੀ ਫੌਜ ਨਾਲ ਮਿਲ ਕੇ ਪਾਕਿਸਤਾਨੀ ਚੌਕੀਆਂ ਅਤੇ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਗਏ। ਅਧਿਕਾਰੀ ਮੁਤਾਬਕ ਭਾਰਤੀ ਜਵਾਨਾਂ ਦੀ ਇਸ ਕਾਰਵਾਈ ਨਾਲ ਦੁਸ਼ਮਣ ਦੇ ਬੰਕਰਾਂ ਅਤੇ ਲਾਂਚਿੰਗ ਪੈਡਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਪਾਕਿਸਤਾਨੀ ਫੌਜ ਨੂੰ ਜਾਨੀ ਨੁਕਸਾਨ ਵੀ ਝੱਲਣਾ ਪਿਆ। ਇਸ ਤੋਂ ਇਲਾਵਾ ਬੀ ਐੱਸ ਐੱਫ ਨੇ ਸਰਹੱਦੀ ਖੇਤਰਾਂ ਵਿੱਚ ਮਹਿਲਾ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਹੈ।

