ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਫਰਵਰੀ
ਦਿੱਲੀ ਪੁਲੀਸ ਦੀ ਸਾਈਬਰ ਟੀਮ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ (21) ਨੂੰ ਕਿਸਾਨ ਰੋਸ ਮੁਜ਼ਾਹਰਿਆਂ ਨਾਲ ਜੁੜੀ ‘ਟੂਲਕਿੱਟ’ ਕਥਿਤ ਸੋਸ਼ਲ ਮੀਡੀਆ ’ਤੇ ਅੱਗੇ ਸਾਂਝਾ ਕਰਨ ਦੇ ਮਾਮਲੇ ਵਿੱਚ ਬੰਗਲੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਰਵੀ ਨੂੰ ਦਿੱਲੀ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੰਜ ਦਿਨਾ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਹਾਲਾਂਕਿ ਸੱਤ ਦਨਿ ਦਾ ਰਿਮਾਂਡ ਮੰਗਿਆ ਸੀ।ਪੁਲੀਸ ਨੇ ਦਿਸ਼ਾ ਰਵੀ ਨੂੰ ਕੌਮਾਂਤਰੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੱਲੋਂ ਸਾਂਝੀ ਕੀਤੀ ‘ਟੂਲਕਿੱਟ’ ਨੂੰ ਅੱਗੇ ਸੋਸ਼ਲ ਮੀਡੀਆ ਉਪਰ ਸਾਂਝਿਆਂ ਕੀਤੇ ਜਾਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਭਾਰਤ ਵਿੱਚ ‘ਫ੍ਰਾਈਡੇਜ਼ ਫਾਰ ਫਿਊਚਰ’ ਦੀ ਬਾਨੀ ਦਿਸ਼ਾ ਰਵੀ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਬੰਗਲੌਰ ਸਥਿਤ ਉਸ ਦੇ ਗ੍ਰਹਿ ਸੋਲਾਦੇਵਨਾਹੱਲੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਈਬਰ ਸੈੱਲ ਨੇ ਟੂਲਕਿੱਟ ਤਿਆਰ ਕਰਨ ਲਈ ‘ਖਾਲਿਸਤਾਨ ਪੱਖੀਆਂ’ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਐੱਫਆਈਆਰ ਵਿਚ ਦੋਸ਼ ਲਾਇਆ ਗਿਆ ਸੀ ਕਿ ਇਹ ਭਾਰਤ ਸਰਕਾਰ ਖ਼ਿਲਾਫ਼ ‘ਸਮਾਜਿਕ, ਸਭਿਆਚਾਰਕ ਤੇ ਆਰਥਿਕ ਜੰਗ ਛੇੜਨ’ ਲਈ ਸਾਂਝੀ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਇਸ ਵਿਚ 26 ਜਨਵਰੀ ਨੂੰ ਵਾਪਰੀਆਂ ਹਿੰਸਕ ਘਟਨਾਵਾਂ ਦੇ ਹਵਾਲੇ ਵੀ ਸਨ।