ਦੁਸ਼ਮਣ ਨੇ 22 ਮਿੰਟਾਂ ’ਚ ਭਾਰਤ ਅੱਗੇ ਗੋਡੇ ਟੇਕੇ: ਮੋਦੀ
ਨਵੀਂ ਦਿੱਲੀ, 24 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਅਤਿਵਾਦ ਖ਼ਿਲਾਫ਼ ਭਾਰਤ ਦਾ ਸਖ਼ਤ ਰੁਖ਼ ਦੁਨੀਆ ਸਾਹਮਣੇ ਸਪੱਸ਼ਟ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਦੇਸ਼ ਹਿੱਤ ਵਿੱਚ ਜੋ ਵੀ ਕਦਮ ਸਹੀ ਹੈ, ਚੁੱਕਦੀ ਹੈ। ਅਧਿਆਤਮਿਕ ਸੰਤ ਅਤੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦਰਮਿਆਨ ਗੱਲਬਾਤ ਦੇ ਸ਼ਤਾਬਦੀ ਸਮਾਰੋਹਾਂ ਮੌਕੇ ਸੰਬੋਧਨ ਕਰਦਿਆਂ ਮੋਦੀ ਨੇ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਕਿਹਾ ਕਿ ਭਾਰਤ ਵਿੱਚ ਬਣੇ ਹਥਿਆਰਾਂ ਨੇ ਪਾਕਿਸਤਾਨ ਨਾਲ ਟਕਰਾਅ ਦੌਰਾਨ ਆਪਣਾ ਪ੍ਰਭਾਵ ਦਿਖਾਇਆ ਹੈ।
ਉਨ੍ਹਾਂ ਕਿਹਾ, ‘‘ਅਸੀਂ ਦਿਖਾਇਆ ਹੈ ਕਿ ਭਾਰਤੀਆਂ ਦਾ ਖੂਨ ਵਹਾਉਣ ਵਾਲੇ ਅਤਿਵਾਦੀਆਂ ਲਈ ਕੋਈ ਵੀ ਟਿਕਾਣਾ ਸੁਰੱਖਿਅਤ ਨਹੀਂ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਧਿਆਤਮਿਕ ਸੰਤ ਸ੍ਰੀ ਨਾਰਾਇਣ ਗੁਰੂ ਦੇ ਆਦਰਸ਼ਾਂ ’ਤੇ ਕੰਮ ਕੀਤਾ ਹੈ, ਜੋ ਵਿਤਕਰੇ ਤੋਂ ਮੁਕਤ ਮਜ਼ਬੂਤ ਭਾਰਤ ਚਾਹੁੰਦੇ ਸਨ।
ਮੋਦੀ ਨੇ ਕਿਹਾ ਕਿ 11 ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਸਮਾਜਿਕ, ਆਰਥਿਕ ਅਤੇ ਰੱਖਿਆ ਖੇਤਰਾਂ ਵਿੱਚ ਭਾਰਤ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਦੀ ਦੂਜੇ ਦੇਸ਼ਾਂ ’ਤੇ ਨਿਰਭਰਤਾ ਘਟ ਰਹੀ ਹੈ ਅਤੇ ਇਹ ਰੱਖਿਆ ਖੇਤਰ ਵਿੱਚ ਸਵੈ-ਨਿਰਭਰ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਨਾਗਰਿਕਾਂ ਦੀ ਹੱਤਿਆ ਮਗਰੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਕੈਂਪਾਂ ’ਤੇ ਕੀਤੇ ਸਟੀਕ ਹਮਲਿਆਂ ਸਬੰਧੀ ਕਿਹਾ ਕਿ ਭਾਰਤੀ ਫੌਜ ਨੇ ਭਾਰਤ ਵਿੱਚ ਬਣੇ ਹਥਿਆਰਾਂ ਨਾਲ ਦੁਸ਼ਮਣ ਨੂੰ 22 ਮਿੰਟਾਂ ਵਿੱਚ ਆਤਮ-ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਸੀ।
ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਭਾਰਤ ਵਿੱਚ ਬਣੇ ਹਥਿਆਰਾਂ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 11 ਸਾਲਾਂ ਵਿੱਚ ਇਸ ਤੋਂ ਪਹਿਲਾਂ ਦੇ ਮੁਕਾਬਲੇ ਵੱਧ ਗਿਣਤੀ ਵਿੱਚ ਆਈਆਈਟੀ, ਆਈਆਈਐੱਮ ਅਤੇ ਏਮਜ਼ ਵਰਗੀਆਂ ਸੰਸਥਾਵਾਂ ਖੋਲ੍ਹੀਆਂ ਗਈਆਂ ਹਨ। -ਪੀਟੀਆਈ