* ਆਦਰਸ਼ ਚੋਣ ਜ਼ਾਬਤਾ ਲਾਗੂ
* ਕੋਵਿਡ-19 ਦਿਸ਼ਾ ਨਿਰਦੇਸ਼ਾਂ ਕਰਕੇ ਵੋਟਿੰਗ ਲਈ ਇਕ ਘੰਟੇ ਦਾ ਵਾਧੂ ਸਮਾਂ ਮਿਲੇਗਾ
* ਚੋਣ ਅਮਲ ’ਚ ਸ਼ਾਮਲ ਸਾਰੇ ਅਧਿਕਾਰੀਆਂ ਦਾ ਟੀਕਾਕਰਨ ਹੋਵੇਗਾ ਲਾਜ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 26 ਫਰਵਰੀ
ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ, ਅਸਾਮ, ਤਾਮਿਲ ਨਾਡੂ, ਕੇਰਲਾ ਅਤੇ ਪੁੱਡੂਚੇਰੀ ਲਈ ਅੱਜ ਚੋਣ ਪ੍ਰੋਗਰਾਮ ਐਲਾਨ ਦਿੱਤਾ ਹੈ। ਪੰਜ ਅਸੈਂਬਲੀਆਂ ਲਈ ਵੋਟਿੰਗ ਦਾ ਅਮਲ 27 ਮਾਰਚ ਤੋਂ ਸ਼ੁਰੂ ਹੋ ਕੇ 29 ਅਪਰੈਲ ਤੱਕ ਚੱਲੇਗਾ। ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ। ਪੱਛਮੀ ਬੰਗਾਲ ’ਚ ਚੋਣਾਂ ਅੱਠ ਪੜਾਵਾਂ ’ਚ ਹੋਣਗੀਆਂ ਜਦੋਂਕਿ ਅਸਾਮ ’ਚ ਤਿੰਨ ਅਤੇ ਤਾਮਿਲ ਨਾਡੂ, ਕੇਰਲਾ ਤੇ ਪੁੱਡੂਚੇਰੀ ’ਚ ਇਕੋ ਗੇੜ ’ਚ ਵੋਟਾਂ ਪੈਣਗੀਆਂ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਇਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਦੌਰਾਨ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਚੋਣਾਂ ਲਈ ਕੁਝ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ, ਜਿਸ ਤਹਿਤ ਚੋਣ ਅਮਲ ’ਚ ਸ਼ਾਮਲ ਸਾਰੇ ਅਧਿਕਾਰੀਆਂ ਲਈ ਟੀਕਾਕਰਨ ਲਾਜ਼ਮੀ ਹੋਵੇਗਾ। ਵੋਟਰਾਂ ਨੂੰ ਪੋਲਿੰਗ ਲਈ ਇਕ ਘੰਟੇ ਦਾ ਵਾਧੂ ਸਮਾਂ ਮਿਲੇਗਾ ਤੇ ਘਰ ਘਰ ਪ੍ਰਚਾਰ ਕਰਨ ਮੌਕੇ ਪੰਜ ਤੋਂ ਵੱਧ ਵਿਅਕਤੀ ਨਹੀਂ ਹੋਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਅਸਾਮ ਅਸੈਂਬਲੀ ਲਈ ਤਿੰਨ ਗੇੜਾਂ ’ਚ 27 ਮਾਰਚ, 1 ਅਪਰੈਲ ਤੇ 6 ਅਪਰੈਲ ਨੂੰ ਵੋਟਾਂ ਪੈਣਗੀਆਂ ਜਦੋਂਕਿ ਕੇਰਲਾ, ਤਾਮਿਲ ਨਾਡੂ ਤੇ ਪੁੱਡੂਚੇਰੀ ’ਚ 6 ਅਪਰੈਲ ਨੂੰ ਇਕੋ ਗੇੜ ’ਚ ਵੋਟਾਂ ਦਾ ਅਮਲ ਸਿਰੇ ਚੜ੍ਹੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਪੱਛਮੀ ਬੰਗਾਲ ਅਸੈਂਬਲੀ ਲਈ ਵੋਟਾਂ ਦਾ ਅਮਲ ਅੱਠ ਗੇੜਾਂ ਵਿੱਚ ਸਿਰੇ ਚੜ੍ਹੇਗਾ। ਪਹਿਲੇ ਗੇੜ ਲਈ ਵੋਟਾਂ 27 ਮਾਰਚ ਨੂੰ ਪੈਣਗੀਆਂ। ਦੂਜੇ ਪੜਾਅ ਤਹਿਤ 30 ਹਲਕਿਆਂ ਲਈ 1 ਅਪਰੈਲ ਨੂੰ ਪੋਲਿੰਗ ਹੋਵੇਗੀ। 6 ਅਪਰੈਲ ਨੂੰ ਤੀਜੇ ਗੇੜ ’ਚ 31 ਸੀਟਾਂ, 10 ਅਪਰੈਲ ਨੂੰ ਚੌਥੇ ਗੇੜ ’ਚ 44 ਸੀਟਾਂ, 17 ਅਪਰੈਲ ਨੂੰ ਪੰਜਵੇਂ ਗੇੜ ਲਈ 45 ਸੀਟਾਂ, 22 ਅਪਰੈਲ ਨੂੰ ਛੇਵੇਂ ਗੇੜ ’ਚ 43, 26 ਅਪਰੈਲ ਨੂੰ ਸੱਤਵੇਂ ਗੇੜ ਲਈ 36 ਅਤੇ 29 ਅਪਰੈਲ ਨੂੰ ਆਖਰੀ ਤੇ ਅੱਠਵੇਂ ਗੇੜ ਲਈ 35 ਸੀਟਾਂ ’ਤੇ ਪੋਲਿੰਗ ਹੋਵੇਗੀ।
ਸ੍ਰੀ ਅਰੋੜਾ ਨੇ ਕਿਹਾ ਕਿ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੌਰਾਨ ਬਿਹਾਰ ਅਸੈਂਬਲੀ ਚੋਣਾਂ ਕਰਵਾਉਣੀਆਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਉਨ੍ਹਾਂ ਕਿਹਾ ਕਿ ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 824 ਅਸੈਂਬਲੀ ਸੀਟਾਂ ਲਈ 18.86 ਕਰੋੜ ਵੋਟਰ ਮਤਦਾਨ ਦੇ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪੂਰੇ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ 2.7 ਲੱਖ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਕੋਵਿਡ-19 ਮਹਾਮਾਰੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਚੋਣ ਅਮਲ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਅਧਿਕਾਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਕੋਵਿਡ-19 ਦੇ ਮੱਦੇਨਜ਼ਰ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਵੇਲੇ ਪੰਜ ਲੋਕਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆ ਦੇ ਲਿਹਾਜ਼ ਨਾਲ ਚਾਰੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਸੀਆਰਪੀਐੱਫ ਦੀ ਢੁਕਵੀਆਂ ਟੁਕੜੀਆਂ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ, ‘ਚੋਣਾਂ ਦੌਰਾਨ ਕੇਂਦਰੀ ਹਥਿਆਰਬੰਦ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਜਾਵੇਗੀ। ਸਾਰੇ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰਕੇ ਉਥੇ ਕੇਂਦਰੀ ਨੀਮ ਫੌਜੀ ਬਲ ਤਾਇਨਾਤ ਕੀਤੇ ਜਾਣਗੇ।’ ਉਨ੍ਹਾਂ ਕਿਹਾ ਕਿ ਚੋਣ ਜਲਸਿਆਂ ’ਚ ਪੰਜ ਵਾਹਨ ਹੀ ਲਿਜਾਣ ਦੀ ਇਜਾਜ਼ਤ ਹੋਵੇਗੀ। ਪੰਜਾਂ ਅਸੈਂਬਲੀ ਹਲਕਿਆਂ ’ਚ ਉਮੀਦਵਾਰਾਂ ਲਈ ਆਨਲਾਈਨ ਨਾਮਜ਼ਦਗੀਆਂ ਭਰਨ ਦੇ ਪ੍ਰਬੰਧ ਕੀਤੇ ਜਾਣਗੇ। ਕੋਵਿਡ-19 ਸੁਰੱਖਿਆ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦਿਆਂ ਵੋਟਿੰਗ ਲਈ ਇਕ ਘੰਟੇ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਸੰਵੇਦਨਸ਼ੀਲ ਤੇ ਨਾਜ਼ੁਕ ਖੇਤਰਾਂ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ ਵਿੱਚ ਵੈੱਬਕਾਸਟਿੰਗ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਸ੍ਰੀ ਅਰੋੜਾ ਨੇ ਕਿਹਾ ਕਿ ਸਾਰੇ ਨਾਜ਼ੁਕ ਤੇ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ ਥਾਵਾਂ ’ਤੇ ਕੇਂਦਰੀ ਨੀਮ ਫੌਜੀ ਬਲਾਂ ਦੀ ਤਾਇਨਾਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਸੂਬਿਆਂ ਦੇ ਵੱਖੋ ਵੱਖਰੇ ਨਾਜ਼ੁਕ ਹਾਲਾਤ ਦੇ ਮੱਦੇਨਜ਼ਰ ਕਮਿਸ਼ਨ ਨੇ ਪੱਛਮੀ ਬੰਗਾਲ ’ਚ ਦੋ ਵਿਸ਼ੇਸ਼ ਪੁਲੀਸ ਨਿਗਰਾਨ ਅਤੇ ਤਾਮਿਲ ਨਾਡੂ ’ਚ ਚੋਣ ਖਰਚਿਆਂ ’ਤੇੇ ਬਾਜ਼ ਅੱਖ ਰੱਖਣ ਲਈ ਦੋ ਨਿਗਰਾਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਚੋਣ ਪ੍ਰੋਗਰਾਮ ਦਾ ਐਲਾਨ ਹੁੰਦੇ ਹੀ ਇਨ੍ਹਾਂ ਚਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ। ਅਸਾਮ ’ਚ 126, ਤਾਮਿਲ ਨਾਡੂ ’ਚ 234, ਪੱਛਮੀ ਬੰਗਾਲ 294, ਕੇਰਲਾ 140 ਤੇ ਪੁੱਡੂਚੇਰੀ ’ਚ 30 ਅਸੈਂਬਲੀ ਸੀਟਾਂ ਹਨ। ਅਸਾਮ ਤੇ ਪੱਛਮੀ ਬੰਗਾਲ ਅਸੈਂਬਲੀਆਂ ਦੀ ਮੌਜੂਦਾ ਮਿਆਦ 31 ਮਈ ਨੂੰ ਜਦੋਂਕਿ ਤਾਮਿਲ ਨਾਡੂ ਦੀ 4 ਮਈ, ਕੇਰਲਾ ਦੀ ਪਹਿਲੀ ਜੂਨ ਤੇ ਪੁੱਡੂਚੇਰੀ ਦੀ 8 ਜੂਨ ਨੂੰ ਖ਼ਤਮ ਹੋਵੇਗੀ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ 30 ਅਪਰੈਲ ਨੂੰ ਹੋਣਗੇ ਸੇਵਾਮੁਕਤ
ਨਵੀਂ ਦਿੱਲੀ: ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਚਾਰ ਸੂਬਿਆਂ ਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਚੋਣ ਅਮਲ ਪੂਰਾ ਹੋਣ ਦੇ ਇੱਕ ਦਿਨ ਬਾਅਦ 30 ਅਪਰੈਲ ਨੂੰ ਸੇਵਾਮੁਕਤ ਹੋ ਜਾਣਗੇ। ਅੱਜ ਇੱਥੇ ਵਿਗਿਆਨ ਭਵਨ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਖਰੀ ਪ੍ਰੈੱਸ ਕਾਨਫਰੰਸ ਹੈ। ਅਰੋੜਾ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਵਜੋਂ ਉਹ ਆਪਣੇ ਕਾਰਜਕਾਲ ਤੋਂ ਸੰਤੁਸ਼ਟ ਹਨ, ਜਿਸ ਦੌਰਾਨ ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਸਣੇ 11 ਵੱਡੇ ਚੋਣ ਅਮਲ ਪੂਰੇ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਬਿਹਾਰ ਵਿਧਾਨ ਸਭਾ ਚੋਣਾਂ ਕਰਵਾਉਣ ਨੂੰ ‘ਇਤਿਹਾਸਕ’ ਕਾਰਜ ਕਰਾਰ ਦਿੱਤਾ। -ਪੀਟੀਆਈ