Election Commission ਦਾ ਵਿਰੋਧੀ ਧਿਰ ਪ੍ਰਤੀ ਵਤੀਰਾ ‘ਅਨਿਆਂਪੂਰਨ’: ਕੁਰੈਸ਼ੀ
ਜਮਹੂਰੀ ਸੰਸਥਾ ਦੀ ਦਿੱਖ ਤੇ ਭਰੋਸੇਯੋਗਤਾ ਨੂੰ ‘ਗੰਭੀਰ ਸੱਟ’ ਲੱਗਣ ਦਾ ਦਾਅਵਾ
ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ ਵਾਈ ਕੁਰੈਸ਼ੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਮੌਜੂਦਾ ਚੋਣ ਕਮਿਸ਼ਨ ਵੱਲੋਂ ਵਿਰੋਧੀ ਪਾਰਟੀਆਂ ਨਾਲ ‘ਬਹੁਤ ਹੀ ਅਨਿਆਂਪੂਰਨ’ ਵਿਹਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਕਮਿਸ਼ਨ ਦੀ ਦਿੱਖ ਤੇ ਭਰੋਸੇਯੋਗਤਾ ਨੂੰ ‘ਗੰਭੀਰ ਸੱਟ’ ਲੱਗੀ ਹੈ। ਕੁਰੈਸ਼ੀ, ਜੋ 2010 ਤੋਂ 2012 ਦਰਮਿਆਨ ਮੁੱਖ ਚੋਣ ਕਮਿਸ਼ਨਰ ਸਨ, ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਇਤਬਾਰੀ ਸੰਸਥਾ ਵਜੋਂ ਕਮਿਸ਼ਨ ਦੀ ਵਿਰਾਸਤ ਨੂੰ ਵੱਡਾ ਖੋਰਾ ਲੱਗਾ ਹੈ ਤੇ ਉਹ ਇਸ ਬਾਰੇ ਬਹੁਤ ਦੁਖੀ ਹਨ।ਆਪਣੀ ਨਵੀਂ ਕਿਤਾਬ ‘ਇੰਡੀਆ ਐਂਡ ਆਈ: ਏ ਹੰਡਰੈੱਡ ਮੈਮਰੀਜ਼ ਨੋਟ ਏ ਮੈਮੋਇਰ’ ਦੀ ਲਾਂਚ ਤੋਂ ਪਹਿਲਾਂ ਪੀ ਟੀ ਆਈ ਵੀਡੀਓਜ਼ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਸਾਬਕਾ ਸੀ ਈ ਸੀ ਨੇ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਦੀ ਵਿਰੋਧੀ ਧਿਰਾਂ ਖ਼ਾਸ ਕਰ ਕੇ ਭਾਜਪਾ ਨੂੰ ਮਦਦ ਮਿਲੀ ਸੀ। ਹੈਸ਼ੇਟ ਇੰਡੀਆ ਵੱਲੋਂ ਪ੍ਰਕਾਸ਼ਿਤ ਇਹ ਕਿਤਾਬ ਕੁਰੈਸ਼ੀ ਦੇ ਜੀਵਨ ਦੇ 100 ਕਿੱਸਿਆਂ ’ਤੇ ਰੌਸ਼ਨੀ ਪਾਉਂਦੀ ਹੈ। ਕੁਰੈਸ਼ੀ ਨੇ 17ਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਸੇਵਾ ਨਿਭਾਈ ਅਤੇ ਵੋਟਰ ਸਿੱਖਿਆ ਵਿਭਾਗ, ਖ਼ਰਚ ਨਿਗਰਾਨੀ ਵਿਭਾਗ ਅਤੇ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈ ਆਈ ਆਈ ਡੀ ਈ ਐੱਮ) ਸਣੇ ਚੋਣ ਸੁਧਾਰ ਪੇਸ਼ ਕੀਤੇ। ਮੌਜੂਦਾ ਚੋਣ ਕਮਿਸ਼ਨ ਵੱਲੋਂ ਵਿਰੋਧੀ ਧਿਰਾਂ ਨਾਲ ਬੇਇਨਸਾਫ਼ੀ ਕੀਤੇ ਜਾਣ ਦੇ ਦੋਸ਼ਾਂ ਅਤੇ 24 ਵਿਰੋਧੀ ਪਾਰਟੀਆਂ ਵੱਲੋਂ ਚੀਫ ਜਸਟਿਸ ਸੂਰਿਆ ਕਾਂਤ ਨੂੰ ਲਿਖੇ ਪੱਤਰ ਬਾਰੇ ਪੁੱਛਣ ’ਤੇ ਕੁਰੈਸ਼ੀ ਨੇ ਕਿਹਾ, ‘‘ਖ਼ੈਰ, ਇਹ ਫਿਰ ਤੋਂ ਬਹੁਤ ਹੀ ਦੁਖਦਾਈ ਅਧਿਆਇ ਹੈ ਕਿਉਂਕਿ ਜਿਵੇਂ ਮੈਂ ਲਿਖਿਆ ਹੈ, ਮੇਰੀ ਐਲਾਨੀ ਨੀਤੀ ਵਿਰੋਧੀ ਧਿਰ ਦੇ ਨਾਲ ਰਹਿਣ ਦੀ ਸੀ ਕਿਉਂਕਿ ਉਹ ਕਮਜ਼ੋਰ ਹਨ, ਉਹ ਸੱਤਾ ਤੋਂ ਬਾਹਰ ਹਨ, ਉਨ੍ਹਾਂ ਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ਸਰਕਾਰ ਦੇ ਹੱਥ ਲੰਮੇ ਹਨ; ਉਹ ਆਪਣੀ ਮਰਜ਼ੀ ਨਾਲ ਬਹੁਤ ਕੁਝ ਕਰਵਾ ਸਕਦੀ ਹੈ। ਇਸ ਲਈ ਵਿਰੋਧੀ ਧਿਰ ਹੈ ਜਿਸ ਨੂੰ ਹੱਥ ਫੜਨ ਅਤੇ ਸਮਰਥਨ ਦੀ ਲੋੜ ਹੈ।’’

