ਮੁੰਬਈ, 14 ਅਪਰੈਲ
ਸ਼ਿਵ ਸੈਨਾ ਨੇ ਚੋਣ ਕਮਿਸ਼ਨ ਦੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰਤੀ ਰਵੱਈਏ ਨੂੰ ‘ਪੱਖਪਾਤੀ’ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਬੈਨਰਜੀ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਟੀਐੱਮਸੀ ਸੁਪਰੀਮੋ ਦੇ ਸੂਬੇ ਵਿੱਚ 24 ਘੰਟਿਆਂ ਲਈ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ।
ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ਵਿੱਚ ਲਿਖਿਆ ਕਿ ਚੋਣ ਕਮਿਸ਼ਨ ਜਿਹੀਆਂ ਸੰਵਿਧਾਨਕ ਸੰਸਥਾਵਾਂ ਦੇ ਰੁਤਬੇ ਨੂੰ ਮਹਿਜ਼ ਕੁਝ ਸਿਆਸੀ ਮੁਫ਼ਾਦਾਂ ਲਈ ਕਮਜ਼ੋਰ ਨਾ ਕੀਤਾ ਜਾਵੇ। ਮਰਾਠੀ ਰੋਜ਼ਨਾਮਚੇ ਨੇ ਲਿਖਿਆ, ‘ਚੋਣ ਕਮਿਸ਼ਨ ਦਾ ਮਮਤਾ ਬੈਨਰਜੀ ਪ੍ਰਤੀ ਰਵੱਈਆ ਪੱਖਪਾਤੀ ਹੈ। ਅਸੀਂ ਚੋਣ ਕਮਿਸ਼ਨ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਇਕੱਲਿਆਂ ਭਾਜਪਾ ਦੀ ਨਹੀਂ ਬਲਕਿ ਸਾਰਿਆਂ ਦੀ ਗੱਲ ਸੁਣੇ। ਉਸ ਨੂੰ ਪੱਖਪਾਤੀ ਨਹੀਂ ਹੋਣਾ ਚਾਹੀਦਾ।’ ਸੰਪਾਦਕੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੱਛਮੀ ਬੰਗਾਲ ਵਿੱਚ ਹਰ ਕੋਈ (ਚੋਣ ਪ੍ਰਚਾਰ ਦੌਰਾਨ) ਮਰਿਯਾਦਾ ਬਣਾ ਕੇ ਰੱਖਣ ਦੀ ਸਮਝ ਨੂੰ ਗੁਆ ਚੁੱਕਾ ਹੈ, ਪਰ ਸਜ਼ਾ ਸਿਰਫ਼ ਇਕੱਲੇ (ਮਮਤਾ) ਬੈਨਰਜੀ ਨੂੰ ਦਿੱਤੀ ਗਈ।
ਸੰਪਾਦਕੀ ਵਿੱਚ ਅੱਗੇ ਲਿਖਿਆ, ‘ਚੋਣ ਕਮਿਸ਼ਨ ਨੇ ਆਪਣੇ ਬਾਰੇ ਬਣੀ ਮਿੱਥ ਨੂੰ ਤੋੜ ਦਿੱਤਾ ਹੈ ਉਹ ਹਰੇਕ ਨੂੰ ਇਕ ਅੱਖ ਨਾਲ ਵੇਖਦਾ ਹੈ ਤੇ ਅਜਿਹਾ ਕਰਨ ਲਈ ਉਸ ਨੇ ਪੱਛਮੀ ਬੰਗਾਲ ਦੀ ਧਰਤੀ ਨੂੰ ਚੁਣਿਆ। ਸ਼ਾਇਦ ਇਹ ਗੱਲ ਭੁੱਲੀ ਜਾ ਰਹੀ ਹੈ ਕਿ ਪੱਛਮੀ ਬੰਗਾਲ ਇਨਕਲਾਬੀਆਂ ਤੇ ਵਿਦਰੋਹੀਆਂ ਦੀ ਧਰਤੀ ਹੈ।’ ਸੰਪਾਦਕੀ ਮੁਤਾਬਕ ਚੋਣਾਂ ਦਾ ਨਤੀਜਾ ਕੁਝ ਵੀ ਹੋਵੇ, ਮਮਤਾ ਬੈਨਰਜੀ ਵੱਲੋਂ ’ਇਕੱਲਿਆਂ ਲੜੀ ਇਸ ਲੜਾਈ ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ। -ਪੀਟੀਆਈ