ED ਵੱਲੋਂ West Bengal ਤੇ Border Areas ਸਣੇ Four States ’ਚ Raids
ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗੀਆ ਘੁਸਪੈਠ ਮਾਮਲੇ ਵਿੱਚ ਕੀਤੀ ਕਾਰਵਾਈ
ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਭਾਰਤ ਵਿੱਚ ਬੰਗਲਾਦੇਸ਼ੀ ਨਾਗਰਿਕਾਂ ਅਤੇ ਰੋਹਿੰਗੀਆ ਲੋਕਾਂ ਦੀ ਗ਼ੈਰ-ਕਾਨੂੰਨੀ ਘੁਸਪੈਠ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਪੱਛਮੀ ਬੰਗਾਲ ਦੇ ਸਰਹੱਦੀ ਖੇਤਰਾਂ ਸਣੇ ਚਾਰ ਸੂਬਿਆਂ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਾਂਚਕਰਤਾਵਾਂ ਨੇ ਪੱਛਮੀ ਬੰਗਾਲ ਦੇ ਕਾਲੀਕਾਪੁਰ ਸਥਿਤ ਹਰੋੜਾ ਅਲ-ਜਾਮੀਆਤੁਲ ਇਸਲਾਮੀਆ ਦਾਰੁਲ ਉਲੂਮ ਦੇ ਦਫ਼ਤਰ ਅਤੇ ਲਾਇਬ੍ਰੇਰੀ ਵਿੱਚੋਂ ਲਗਪਗ 40 ਲੱਖ ਰੁਪਏ ਤੇ 180 ਗ੍ਰਾਮ ਵਜ਼ਨੀ ਸੋਨੇ ਦੇ ਸਿੱਕੇ ਜ਼ਬਤ ਕੀਤੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ, ਖ਼ਾਸ ਤੌਰ ’ਤੇ ਅਜਿਹੇ ਸਿੰਡੀਕੇਟ ਦੀਆਂ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ ਜੋ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫ ਸੀ ਆਰ ਏ) ਤਹਿਤ ਰਜਿਸਟਰਡ ਜਨਤਕ ਚੈਰੀਟੇਬਲ ਟਰੱਸਟਾਂ ਰਾਹੀਂ ਕੰਮ ਕਰਦਾ ਹੈ ਅਤੇ ਇਨ੍ਹਾਂ ਟਰੱਸਟਾਂ ਨੂੰ ਬਰਤਾਨੀਆ ਸਥਿਤ ਕੁਝ ਸੰਸਥਾਵਾਂ ਤੋਂ ਫੰਡ ਪ੍ਰਾਪਤ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੇ ਲਖਨਊ ਜ਼ੋਨਲ ਦਫ਼ਤਰ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ ਐੱਮ ਐੱਲ ਏ) ਦੇ ਉਪਬੰਧਾਂ ਤਹਿਤ ਉੱਤਰ ਪ੍ਰਦੇਸ਼ ਦੇ ਸਹਾਰਨਪੁਰ (ਦਿਓਬੰਦ), ਦਿੱਲੀ ਦੇ ਜਾਮੀਆ ਨਗਰ, ਹਰਿਆਣਾ ਦੇ ਵੱਲਭਗੜ੍ਹ (ਫ਼ਰੀਦਾਬਾਦ ਜ਼ਿਲ੍ਹਾ) ਅਤੇ ਪੱਛਮੀ ਬੰਗਾਲ ਦੇ ਦੱਖਣੀ 24 ਪਰਗਣਾ, ਉੱਤਰੀ 24 ਪਰਗਣਾ ਅਤੇ ਮੁਰਸ਼ਿਦਾਬਾਦ ਵਿੱਚ ਲਗਪਗ 13 ਟਿਕਾਣਿਆਂ ’ਤੇ ਛਾਪੇ ਮਾਰੇ ਗਏ।

