Earthquake Today: ਮਹਾਰਾਸ਼ਟਰ ਦੇ ਨਾਸਿਕ ’ਚ ਭੂਚਾਲ ਦੇ ਜ਼ੋਰਦਾਰ ਝਟਕੇ: ਕਈ ਘਰਾਂ ’ਚ ਪਈਆਂ ਤਰੇੜਾਂ
4.3 ਅਤੇ 3.3 ਤੀਬਰਤਾ ਦੇ ਲਗਾਤਾਰ ਦੋ ਝਟਕਿਆਂ ਨਾਲ ਕੰਬੀ ਧਰਤੀ
ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਆਏ ਭੂਚਾਲ ਦੇ ਝਟਕਿਆਂ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਭੂਚਾਲ ਦੇ ਇਨ੍ਹਾਂ ਝਟਕਿਆਂ ਕਰਕੇ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਘਰਾਂ ਦੀਆਂ ਦੀਵਾਰਾਂ ਵਿੱਚ ਤਰੇੜਾਂ ਵੀ ਆ ਗਈਆਂ। ਹਾਲਾਂਕਿ, ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ (NCS) ਮੁਤਾਬਕ, ਪਹਿਲਾ ਭੂਚਾਲ ਸ਼ਨੀਵਾਰ ਰਾਤ 10 ਵਜੇ ਆਇਆ ਜਿਸ ਦੀ ਤੀਬਰਤਾ ਰੈਕਟਰ ਪੈਮਾਨੇ ’ਤੇ 4.3 ਮਾਪੀ ਗਈ। ਇਸ ਤੋਂ ਬਾਅਦ ਐਤਵਾਰ ਤੜਕੇ 5:33 ਵਜੇ 3.3 ਤੀਬਰਤਾ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਸਰਕਾਰੀ ਅਧਿਕਾਰੀਆਂ ਅਨੁਸਾਰ ਇਸਦਾ ਮੁੱਖ ਕੇਂਦਰ ਮਹਾਰਾਸ਼ਟਰ-ਗੁਜਰਾਤ ਸਰਹੱਦ ਨੇੜੇ ਹਾਟਗੜ੍ਹ ਪਹਾੜੀ ਸ਼੍ਰੇਣੀ ਦੇ ਭਾਨਵੜ ਇਲਾਕੇ ਵਿੱਚ ਧਰਤੀ ਤੋਂ 5 ਕਿਲੋਮੀਟਰ ਦੀ ਡੂੰਘਾਈ ’ਤੇ ਸੀ।
ਭੂਚਾਲ ਦੇ ਝਟਕੇ ਨਾਸਿਕ ਸ਼ਹਿਰ ਤੋਂ ਇਲਾਵਾ ਸੁਰਗਾਨਾ, ਕਲਵਾਨ, ਦੇਵਲਾ, ਚਾਂਦਵੜ, ਪੇਠ, ਦਿਨਦੋਰੀ ਅਤੇ ਨਿਫਾੜ ਤਾਲੁਕਾਵਾਂ ਵਿੱਚ ਸਪੱਸ਼ਟ ਤੌਰ ’ਤੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਡਰ ਦੇ ਮਾਰੇ ਲੋਕ ਰਾਤ ਵੇਲੇ ਹੀ ਘਰਾਂ ਤੋਂ ਬਾਹਰ ਆ ਗਏ।

