ਜ਼ੀਰਕਪੁਰ ਵਿੱਚ ਓਵਰਪਾਸ ਦੀ ਉਸਾਰੀ ਕਾਰਨ ਰੋਜ਼ਾਨਾ ਲੱਗ ਰਿਹੈ ਜਾਮ : The Tribune India

ਜ਼ੀਰਕਪੁਰ ਵਿੱਚ ਓਵਰਪਾਸ ਦੀ ਉਸਾਰੀ ਕਾਰਨ ਰੋਜ਼ਾਨਾ ਲੱਗ ਰਿਹੈ ਜਾਮ

ਜ਼ੀਰਕਪੁਰ ਵਿੱਚ ਓਵਰਪਾਸ ਦੀ ਉਸਾਰੀ ਕਾਰਨ ਰੋਜ਼ਾਨਾ ਲੱਗ ਰਿਹੈ ਜਾਮ

ਤੈਅ ਸਮੇਂ ਤੋਂ ਪੱਛੜਦਾ ਜਾ ਰਿਹਾ ਹੈ ਕੰਮ; ਚੰਡੀਗੜ੍ਹ ਦੀ ਹੱਦ ’ਤੇ ਹਰ ਵੇਲੇ ਬਣੀ ਰਹਿੰਦੀ ਜਾਮ ਵਰਗੀ ਸਥਿਤੀ

ਹਰਜੀਤ ਸਿੰਘ

ਜ਼ੀਰਕਪੁਰ, 23 ਨਵੰਬਰ

ਸ਼ਹਿਰ ਵਿੱਚ ਜਾਮ ਦੀ ਸਮੱਸਿਆ ਦੇ ਹੱਲ ਲਈ ਚੰਡੀਗੜ੍ਹ ਹੱਦ ਦੇ ਨੇੜੇ ਉਸਾਰਿਆ ਜਾ ਰਿਹਾ ਓਵਰਪਾਸ ਰਾਗਹੀਰਾਂ ਲਈ ਵੱਡੀ ਪ੍ਰੇਸ਼ਾਨੀ ਬਣ ਚੁੱਕਾ ਹੈ, ਜਿਸ ਕਰ ਕੇ ਚੰਡੀਗੜ੍ਹ ਦੀ ਹੱਦ ’ਤੇ ਸੜਕ ਦੇ ਦੋਵੇਂ ਪਾਸੇ ਹਰ ਵੇਲੇ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਓਵਰਪਾਸ ਦੀ ਉਸਾਰੀ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਲੰਘੇ ਦਿਨੀਂ ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾਰ ਵੱਲੋਂ ਵੱਖ‘ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਦਾ ਕੰਮ 30 ਨਵੰਬਰ ਤੱਕ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਸੀ। ਸਬੰਧਤ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਉਹ 30 ਨਵੰਬਰ ਤੱਕ ਕੰਮ ਨੂੰ ਪੂਰਾ ਕਰਨਗੇ।ਪਰ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਜਾਪਦਾ ਹੈ ਕਿ ਇਸ ਓਵਰਪਾਸ ਦਾ ਕੰਮ ਦਸੰਬਰ ਦੇ ਮਹੀਨੇ ਵਿੱਚ ਪੂਰਾ ਹੋਵੇਗਾ।

ਇਕੱਤਰ ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿੱਚ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਜਾਮ ਦੀ ਸਮੱਸਿਆ ਦੇ ਹੱਲ ਲਈ ਇੱਥੇ ਓਵਰਪਾਸ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਥੇ ਵਾਹਨਾਂ ਦੇ ਨਿਕਲਣ ਲਈ ਢੁੱਕਵੀਂ ਥਾਂ ਨਹੀਂ ਬੱਚਦੀ ਹੈ ਜਦਕਿ ਚੰਡੀਗੜ੍ਹ‘ਅੰਬਾਲਾ ਕੌਮੀ ਮਾਰਗ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਸਿੱਟੇ ਵਜੋਂ ਚੰਡੀਗੜ੍ਹ ਦੀ ਹੱਦ ਨੇੜੇ ਹਰ ਵੇਲੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਲੋਕਾਂ ਦੇ ਦਫਤਰ ਜਾਣ ਅਤੇ ਛੁੱਟੀ ਵੇਲੇ ਸਵੇਰੇ-ਸ਼ਾਮ ਇੱਥੇ ਸਥਿਤੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਘੰਟਿਆਂਬੱਧੀ ਵਾਹਨ ਚਾਲਕ ਜਾਮ ਵਿੱਚ ਖੱਜਲ੍ਹ ਖੁਆਰ ਹੁੰਦੇ ਰਹਿੰਦੇ ਹਨ।

ਇਸ ਦੌਰਾਨ ਸਭ ਤੋਂ ਵੱਡੀ ਪ੍ਰੇਸ਼ਾਨੀ ਐਮਰਜੈਂਸੀ ਵਿੱਚ ਚੰਡੀਗੜ੍ਹ ਦੇ ਹਸਪਤਾਲਾਂ ਨੂੰ ਜਾਣ ਵਾਲੇ ਮਰੀਜ਼ਾਂ ਲਈ ਪੇਸ਼ ਆਉਂਦੀ ਹੈ ਜਿਨ੍ਹਾਂ ਲਈ ਇਕ‘ਇਕ ਮਿੰਟ ਕੀਮਤੀ ਹੁੰਦਾ ਹੈ। ਐਂਬੂਲੈਂਸਾਂ ਜਾਮ ਵਿੱਚ ਫਸੀਆਂ ਹੋਣ ਕਾਰਨ ਹਸਪਤਾਲ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦੀ ਜਾਨ ’ਤੇ ਆ ਬਣਦੀ ਹੈ। ਗੱਲ ਕਰਨ ’ਤੇ ਟਰੈਫਿਕ ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਆਵਾਜਾਈ ਜ਼ਿਆਦਾ ਹੋਣ ਕਾਰਨ ਇੱਥੇ ਦਿੱਕਤ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਓਵਰਪਾਸ ਦੀ ਉਸਾਰੀ ਮੁਕੰਮਲ ਹੋ ਗਈ ਤਾਂ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All