ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਨਸ਼ੇ 'ਚ ਧੁੱਤ ਵਿਅਕਤੀ ਨੇ 63 ਸਾਲਾ ਮਾਂ ਨਾਲ ਕੀਤਾ ਜਬਰ-ਜ਼ਨਾਹ
ਭਰਾ ਦੀ ਸ਼ਿਕਾਇਤ ਉੱਤੇ ਮੁਲਜ਼ਮ ਗ੍ਰਿਫ਼ਤਾਰ
ਪੁਲੀਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਸਿਕੰਦਰਾ ਰਾਉ ਕੋਤਵਾਲੀ ਖੇਤਰ ਦੇ ਇੱਕ ਪਿੰਡ ਵਿੱਚ ਨਸ਼ੇ ਦੀ ਹਾਲਤ 'ਚ ਆਪਣੀ 63 ਸਾਲਾ ਮਾਂ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ 25 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਮਾਮਲਾ ਮੁਲਜ਼ਮ ਦੇ ਵੱਡੇ ਭਰਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸ ਨੇ ਦੋਸ਼ ਲਾਇਆ ਕਿ ਘਟਨਾ ਵੀਰਵਾਰ ਰਾਤ ਕਰੀਬ 9 ਵਜੇ ਵਾਪਰੀ ਜਦੋਂ ਉਨ੍ਹਾਂ ਦੀ ਮਾਂ ਘਰ ਵਿੱਚ ਸੁੱਤੀ ਪਈ ਸੀ।
ਸ਼ਿਕਾਇਤ ਅਨੁਸਾਰ, ਮੁਲਜ਼ਮ, ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਘਰ ਅੰਦਰ ਦਾਖਲ ਹੋਇਆ ਅਤੇ ਆਪਣੀ ਮਾਂ ਨੂੰ ਕਾਬੂ ਵਿੱਚ ਕੀਤਾ। ਉਹ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਸਿਕੰਦਰਾ ਰਾਉ ਸਰਕਲ ਅਫ਼ਸਰ ਅਮਿਤ ਪਾਠਕ ਨੇ ਕਿਹਾ ਕਿ ਵੱਡੇ ਭਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੂੰ ਡਾਕਟਰੀ ਜਾਂਚ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।
ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

