Drug Regulation: ਮੱਛਰ ਮਾਰਨ ਲਈ ਤਲਵਾਰ ਨਾ ਵਾਹੋ, ਤਾਕਤ ਸਮਝਦਾਰੀ ਨਾਲ ਵਰਤੋ...
ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਐੱਫ ਡੀ ਏ (ਖ਼ੁਰਾਕ ਤੇ ਦਵਾ ਅਥਾਰਟੀ) ‘ਮੱਛਰ ਮਾਰਨ ਲਈ ਤਲਵਾਰ ਦੀ ਵਰਤੋਂ ਕਰਨ’ ਵਾਲੇ ਕੰਮ ਕਰ ਰਹੀ ਹੈ। ਅਦਾਲਤ ਨੇ ਏਜੰਸੀ ਨੂੰ ਆਪਣੀ ਤਾਕਤ ਦੀ ਸਮਝਦਾਰੀ ਤੇ ਸਬਰ ਨਾਲ ਵਰਤੋਂ ਕਰਨ...
ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਐੱਫ ਡੀ ਏ (ਖ਼ੁਰਾਕ ਤੇ ਦਵਾ ਅਥਾਰਟੀ) ‘ਮੱਛਰ ਮਾਰਨ ਲਈ ਤਲਵਾਰ ਦੀ ਵਰਤੋਂ ਕਰਨ’ ਵਾਲੇ ਕੰਮ ਕਰ ਰਹੀ ਹੈ। ਅਦਾਲਤ ਨੇ ਏਜੰਸੀ ਨੂੰ ਆਪਣੀ ਤਾਕਤ ਦੀ ਸਮਝਦਾਰੀ ਤੇ ਸਬਰ ਨਾਲ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ ਤੇ ਨਾਲ ਹੀ ਖ਼ਬਰਦਾਰ ਕੀਤਾ ਕਿ ਏਜੰਸੀ ਵੱਲੋਂ ਸਖ਼ਤ ਕਰਵਾਈ ਕਰਨ ਦੇ ਮਾਮਲੇ ਧਿਆਨ ’ਚ ਆਉਣ ’ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ। ਕੁਝ ਖ਼ਾਸ ਦਵਾਈਆਂ ’ਤੇ ਐੱਫ ਡੀ ਏ ਦੀ ਕਾਰਵਾਈ ਨੂੰ ਚੁਣੌਤੀ ਦਿੰਦੀ ਕੈਡਿਲਾ ਫਾਰਮਾਸਿਊਟੀਕਲ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਏਜੰਸੀ ਨੂੰ ਨਿਰਦੇਸ਼ ਦਿੱਤਾ ਕਿ ਕੋਈ ਵੀ ਸਖ਼ਤ ਕਦਮ ਚੁੱਕਣ ਤੋਂ ਪਹਿਲਾਂ ਕੰਪਨੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ। ਕਾਰਜਕਾਰੀ ਚੀਫ ਜਸਟਿਸ ਰਵਿੰਦਰ ਘੁਗੇ ਅਤੇ ਜਸਟਿਸ ਗੌਤਮ ਅੰਖੜ ਦੇ ਬੈਂਚ ਦੀਆਂ ਟਿੱਪਣੀਆਂ ਮਗਰੋਂ ਐੱਫ ਡੀ ਏ ਨੇ ਕਿਹਾ ਕਿ ਰੈਗੂਲੇਟਰ, ਪਟੀਸ਼ਨਰ ਖ਼ਿਲਾਫ਼ ਆਪਣੇ ਹੁਕਮ ਵਾਪਸ ਲੈ ਲਵੇਗਾ, ਕਾਰਨ ਦੱਸੋ ਨੋਟਿਸ ਜਾਰੀ ਕਰੇਗਾ ਅਤੇ ਸਖ਼ਤ ਹੁਕਮ ਪਾਸ ਕਰਨ ਤੋਂ ਪਹਿਲਾਂ ਉਸ ਨੂੰ ਸੁਣਵਾਈ ਦਾ ਮੌਕਾ ਦੇਵੇਗਾ। ਦੱਸਣਯੋਗ ਹੈ ਕਿ ਕੈਡਿਲਾ ਫਾਰਮਾਸਿਊਟੀਕਲ ਲਿਮਟਿਡ ਨੇ ਐੱਫ ਡੀ ਏ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਬਰਾਂਡਿੰਗ ’ਚ ਸਮਾਨਤਾ ਕਾਰਨ ਸੂਬੇ ’ਚ ਉਸ ਦੀਆਂ ਕੁਝ ਦਵਾਈਆਂ ਦੀ ਵਿਕਰੀ ਤੇ ਵੰਡ ’ਤੇ ਰੋਕ ਲਾਉਣ ਅਤੇ 2.45 ਕਰੋੜ ਰੁਪਏ ਦਾ ਸਟਾਕ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ ਸੀ। ਸਰਕਾਰੀ ਵਕੀਲ ਨੇਹਾ ਭੀੜੇ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਦਵਾਈਆਂ ਸਬੰਧੀ ਭੰਬਲਭੂਸੇ ਵਾਲੀ ਸਥਿਤੀ ਕਾਰਨ ਇਹ ਫ਼ੈਸਲਾ ਲਿਆ ਗਿਆ ਸੀ। ਇਹ ਇਹਤਿਆਤੀ ਕਦਮ ਸੀ, ਕੋਈ ਮਨਮਰਜ਼ੀ ਵਾਲਾ ਜਾਂ ਸਖ਼ਤ ਕਦਮ ਨਹੀਂ ਸੀ। ਕੰਪਨੀ ਨੇ ਦਾਅਵਾ ਕੀਤਾ ਕਿ ਰੋਕ ਲਾਉਣ ਸਬੰਧੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਉਸ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ।

