DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Drug Politics: ਨਸ਼ਿਆਂ ਦਾ ਮੁੱਦਾ: ‘ਆਪ’ ਤੇ ਭਾਜਪਾ ਦੇ ਸਿੰਗ ਫਸੇ

Harbhajan Singh ਨੇ ਨਸ਼ਿਆਂ ਦੇ ਹਵਾਲੇ ਨਾਲ ‘ਆਪ’ ਸਰਕਾਰ ਘੇਰੀ; ਪਰ ਪੰਜਾਬ ਪੁਲੀਸ ਵੱਲੋਂ ਵੀਡੀਓ ਰਾਜਸਥਾਨ ਦੀ ਕਰਾਰ

  • fb
  • twitter
  • whatsapp
  • whatsapp
Advertisement

Punjab Drug Politics: ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਦੋ ਨਸ਼ੇੜੀ ਨੌਜਵਾਨਾਂ ਦੀ ਵੀਡੀਓ ਸਾਂਝੀ ਕਰ ਕੇ ਪੰਜਾਬ ’ਚ ਸਿਆਸਤ ਭਖਾ ਦਿੱਤੀ ਹੈ। ਨਸ਼ਿਆਂ ਦੇ ਮੁੱਦੇ ’ਤੇ ਹੁਣ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਆਹਮੋ-ਸਾਹਮਣੇ ਹੋ ਗਏ ਹਨ। ਕ੍ਰਿਕਟਰ ਤੋਂ ਸਿਆਸਤ ’ਚ ਆਏ ਹਰਭਜਨ ਸਿੰਘ ਨੂੰ ‘ਆਪ’ ਨੇ ਰਾਜ ਸਭਾ ’ਚ ਭੇਜਿਆ ਸੀ ਪਰ ਬਾਅਦ ’ਚ ਉਹ ਭਾਜਪਾਈ ਬਣ ਗਏ। ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਨਸ਼ੇੜੀ ਨੌਜਵਾਨਾਂ ਦੀ ਵੀਡੀਓ ਸਾਂਝੀ ਕਰਦਿਆਂ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਜਦਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਭਜਨ ਦੇ ਇਸ ਸਿਆਸੀ ਤੀਰ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ।

ਦੱਸਣਯੋਗ ਹੈ ਕਿ ਹਰਭਜਨ ਸਿੰਘ ਨੇ ਦੋ ਨਸ਼ੇੜੀ ਨੌਜਵਾਨਾਂ ਦੀ ਵੀਡੀਓ ਸਾਂਝੀ ਕਰ ਕੇ ਲਿਖਿਆ, “ਨਜ਼ਰ ਲੱਗ ਗਈ ਯਾਰ ਸਾਡੇ ਪੰਜਾਬ ਨੂੰ... ਸਰਕਾਰਾਂ ਨੇ ਕੀ ਹਾਲ ਬਣਾ ਦਿੱਤਾ ਪੰਜਾਬ ਦਾ ਤੇ ਪੰਜਾਬੀ ਨੌਜਵਾਨਾਂ ਦਾ। ਰੋਣਾ ਆਉਂਦਾ ਏ ਇਹ ਸਭ ਦੇਖ ਕੇ। ਬਖ਼ਸ਼ ਦਿਓ ਮੇਰੇ ਪੰਜਾਬ ਨੂੰ… ਮਾਫ਼ ਕਰੋ ਪੰਜਾਬ ਨੂੰ। ਕਿੱਥੇ ਲੈ ਆਏ ਓ ਪੰਜਾਬ ਨੂੰ? ਹਾਲੇ ਵੀ ਵੇਲਾ ਹੈ, ਮੇਰੇ ਪੰਜਾਬ ਨੂੰ ਬਚਾ ਲਓ।” ਪੰਜਾਬ ਪੁਲੀਸ ਨੇ ਫੌਰੀ ਜਵਾਬ ਦਿੰਦਿਆਂ ਹਰਭਜਨ ਸਿੰਘ ਨੂੰ ਤੱਥਾਂ ਦੀ ਜਾਂਚ ਕਰਨ ਦਾ ਮਸ਼ਵਰਾ ਦਿੱਤਾ।

Advertisement

ਪੰਜਾਬ ਪੁਲੀਸ ਨੇ ‘ਭੱਜੀ’ ਵੱਲੋਂ ਜਾਰੀ ਵੀਡੀਓ ਨੂੰ ਰਾਜਸਥਾਨ ਦੇ ਗੰਗਾਨਗਰ ਦੀ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਆਡੀਓ ਲਗਾਏ ਜਾਣ ਨਾਲ ਘਟਨਾ ਨੂੰ ਪੰਜਾਬ ਦੀ ਹੋਣ ਦੀ ਰੰਗਤ ਨਹੀਂ ਦਿੱਤੀ ਜਾ ਸਕਦੀ। ਪੰਜਾਬ ਪੁਲੀਸ ਦੇ ਦਾਅਵੇ ਮਗਰੋਂ ਫਾਲੋਅਰਾਂ ਨੇ ਵੀ ਹਰਭਜਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੀ ਹਰਭਜਨ ਦੀ ਆਲੋਚਨਾ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜ ਸਭਾ ਮੈਂਬਰ ‘ਭੱਜੀ’ ਵੱਲੋਂ ਜਾਰੀ ਵੀਡੀਓ ਨੂੰ ਰਾਜਸਥਾਨ ਦੀ ਦੱਸਦਿਆਂ ਕਿਹਾ ਕਿ ਇਹ ਭਾਜਪਾ ਦੀ ਪੰਜਾਬ ਨੂੰ ਬਦਨਾਮ ਕਰਨ ਅਤੇ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਵਿਰੋਧੀ ਬਿਰਤਾਂਤ ਸਿਰਜਣ ਦੀ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮਨਸੂਬੇ ਸਾਫ਼ ਹੋ ਰਹੇ ਹਨ।

Advertisement

ਵਿੱਤ ਮੰਤਰੀ ਚੀਮਾ ਵੱਲੋਂ ਨਸ਼ੇੜੀਆਂ ਦੀ ਵੀਡੀਓ ਨੂੰ ਰਾਜਸਥਾਨ ਦੀ ਕਰਾਰ ਦਿੱਤੇ ਜਾਣ ਮਗਰੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਪਲਟਵਾਰ ਕਰ ਦਿੱਤਾ। ਰਾਜ ਸਭਾ ਮੈਂਬਰ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਹੋਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਕੇ ਕਿਹਾ ਕਿ ‘ਕੀ ਇਹ ਵੀ ਰਾਜਸਥਾਨ ਦੀ ਤਸਵੀਰ ਹੈ? ਚਰਚਾ ਪੰਜਾਬ ਦੀ ਨਸ਼ੇ ਦੀ ਸਮੱਸਿਆ ਬਾਰੇ ਹੈ। ਤੁਹਾਡੇ ਪੇਡ ਟਰੋਲਜ਼ ਨਾਲ ਇਹ ਮੁੱਦਾ ਛੁਪ ਨਹੀਂ ਜਾਵੇਗਾ। ਜ਼ਿੰਮੇਵਾਰੀਆਂ ਤੋਂ ਭੱਜਣ ਨਾਲ ਕੋਈ ਹੱਲ ਨਹੀਂ ਨਿਕਲੇਗਾ। ਮਾਮਲਾ ਕਿਸੇ ਖ਼ਾਸ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦਾ ਨਹੀਂ ਹੈ।’

ਹਰਭਜਨ ਸਿੰਘ ਨੇ ਇਹ ਵੀ ਲਿਖਿਆ ਕਿ ਦੇਸ਼ ਜਾਂ ਪੰਜਾਬ ਹੋਵੇ, ਹਰ ਨਸ਼ੇੜੀ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਤੋਂ ਬਿਨਾਂ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਸਰਕਾਰ ਕੰਮ ਕਰੇ। ਉਨ੍ਹਾਂ ਕਿਹਾ ਅਗਰ ਉਹ ਪੰਜਾਬ ਦੇ ਮੁੱਦਿਆਂ ’ਤੇ ਗੱਲ ਨਹੀਂ ਕਰਦੇ ਤਾਂ ਸੰਸਦ ਵਿੱਚ ਹੋਣ ਦਾ ਕੋਈ ਮਕਸਦ ਨਹੀਂ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉਹ ਅਜਿਹੇ ਮੁੱਦਿਆਂ ’ਤੇ ਗੱਲ ਕਰਦੇ ਹਨ ਅਤੇ ਉਹ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਰਹਿਣਗੇ।

ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਨੇ ਹਰਭਜਨ ਸਿੰਘ ਨੂੰ ਪੰਜਾਬ ਦੀ ਪ੍ਰਤੀਨਿਧਤਾ ਲਈ ਰਾਜ ਸਭਾ ਭੇਜਿਆ ਸੀ ਪਰ ਉਹ ਪਾਰਟੀ ਬਦਲ ਕੇ ਹੁਣ ਪੰਜਾਬ ਵਿਰੁੱਧ ਹੀ ਕੰਮ ਕਰ ਰਹੇ ਹਨ। ਹਰਭਜਨ ਸਿੰਘ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਨਸ਼ਿਆਂ ਨੂੰ ਬਰਾਸਤਾ ਗੁਜਰਾਤ, ਪੰਜਾਬ ਭੇਜਿਆ ਜਾ ਰਿਹਾ ਹੈ ਅਤੇ ਇਸ ਦਾ ਸਬੂਤ ਗੁਜਰਾਤ ਦੀਆਂ ਬੰਦਰਗਾਹਾਂ ’ਤੇ ਫੜੀਆਂ ਜਾ ਰਹੀਆਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਵੀ ਹਨ। ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ’ਚ ਨਸ਼ਿਆਂ ’ਚ ਕਈ ਗੁਣਾ ਵਾਧਾ ਹੋਇਆ ਸੀ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ। ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਨਸ਼ੇੜੀਆਂ ਦਾ ਇਲਾਜ ਤੇ ਪੁਨਰਵਾਸ ਕੀਤਾ। ਦੱਸਣਯੋਗ ਹੈ ਕਿ ਹਰਭਜਨ ਸਿੰਘ ਭੱਜੀ ਨੇ ਨਸ਼ੇੜੀਆਂ ਦੀ ਵੀਡੀਓ ਸਾਂਝੀ ਕਰਦਿਆਂ ਇਸ ਨੂੰ ‘ਜ਼ੌਂਬੀ ਡਰੱਗ’ ਦੇ ਸੇਵਨ ਨਾਲ ਜੋੜਿਆ ਹੈ।

ਅਦਾਕਾਰ ਸੋਨੂੰ ਸੂਦ ਨੇ ਯੂ-ਟਰਨ ਿਲਆ

ਅਦਾਕਾਰ ਸੋਨੂੰ ਸੂਦ ਨੇ ਪੰਜਾਬ ਵਿਚ ਮੁੜ ਭਖੇ ਨਸ਼ਿਆਂ ਦੇ ਮੁੱਦੇ ਤੋਂ ਪੈਰ ਪਿਛਾਂਹ ਖਿੱਚ ਲਏ ਹਨ ਜਿਸ ਬਾਰੇ ਫ਼ਿਲਹਾਲ ਭੇਤ ਬਣਿਆ ਹੋਇਆ ਹੈ। ਅੱਜ ਜਦੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਦੋ ਨਸ਼ੇੜੀ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਖਾਤੇ ’ਤੇ ਸਾਂਝੀ ਕਰ ਕੇ ਪੰਜਾਬ ਸਰਕਾਰ ਨੂੰ ਘੇਰਿਆ ਤਾਂ ਕੁੱਝ ਸਮੇਂ ਮਗਰੋਂ ਅਦਾਕਾਰ ਸੋਨੂੰ ਸੂਦ ਵੀ ਸੋਸ਼ਲ ਮੀਡੀਆ ’ਤੇ ਇਸੇ ਲਹਿਜੇ ’ਚ ਨਜ਼ਰ ਆਏ।

ਅਦਾਕਾਰ ਸੋਨੂੰ ਸੂਦ ਨੇ ਪਹਿਲਾਂ ਸੋਸ਼ਲ ਮੀਡੀਆ ਖਾਤੇ ’ਤੇ ਵੀਡੀਓ ਸਾਂਝੀ ਕੀਤੀ ਪਰ ਬਾਅਦ ’ਚ ਉਨ੍ਹਾਂ ਵੀਡੀਓ ਹਟਾ ਦਿੱਤੀ। ਇਹ ਉਹੀ ਵੀਡੀਓ ਸੀ ਜੋ ਹਰਭਜਨ ਸਿੰਘ ਨੇ ਸਾਂਝੀ ਕੀਤੀ ਸੀ। ਹਾਲਾਂਕਿ ਇਸ ਦਾ ਇਕ ਪਹਿਲੂ ਇਹ ਵੀ ਹੈ ਕਿ ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਉਸੇ ਵੀਡੀਓ ਨੂੰ ਪੰਜਾਬ ਪੁਲੀਸ ਵੱਲੋਂ ਗੰਗਾਨਗਰ (ਰਾਜਸਥਾਨ) ਦੀ ਦੱਸ ਕੇ ਖ਼ਾਰਜ ਕਰ ਦਿੱਤਾ ਗਿਆ ਸੀ।

Advertisement
×