ਪਰਵਾਸੀਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਹੋਣਗੇ
ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤੀ
ਕੈਲੀਫੋਰਨੀਆ ਸਰਕਾਰ ਪਰਵਾਸੀਆਂ ਨੂੰ ਦਿੱਤੇ ਗਏ 17 ਹਜ਼ਾਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਡਰਾਈਵਰਾਂ ਨੂੰ ਅਮਰੀਕਾ ’ਚ ਕਾਨੂੰਨੀ ਢੰਗ ਨਾਲ ਰਹਿਣ ਦੀ ਇਜਾਜ਼ਤ ਮਿਲਣ ਮਗਰੋਂ ਉਨ੍ਹਾਂ ਦੀ ਸਮਾਪਤੀ ਦੀ ਤਰੀਕ ਲੰਘ ਚੁੱਕੀ ਹੈ।
ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਐਲਾਨ ਟਰੰਪ ਪ੍ਰਸ਼ਾਸਨ ਵੱਲੋਂ ਕੈਲੀਫੋਰਨੀਆ ਤੇ ਹੋਰ ਰਾਜਾਂ ਦੀ ਕਰੜੀ ਆਲੋਚਨਾ ਤੋਂ ਬਾਅਦ ਕੀਤਾ ਗਿਆ ਹੈ। ਇਹ ਮਸਲਾ ਅਗਸਤ ’ਚ ਉਦੋਂ ਉੱਭਰਿਆ ਜਦੋਂ ਅਮਰੀਕਾ ’ਚ ਰਹਿੰਦੇ ਟਰੈਕਟਰ-ਟਰੇਲਰ ਚਾਲਕ ਨੇ ਗਲਤ ਢੰਗ ਨਾਲ ਯੂ-ਟਰਨ ਲਿਆ ਅਤੇ ਫਲੋਰਿਡਾ ’ਚ ਹਾਦਸੇ ਦਾ ਕਾਰਨ ਬਣਿਆ। ਇਸ ਹਾਦਸੇ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ।
ਟਰਾਂਸਪੋਰਟ ਸਕੱਤਰ ਸੀਨ ਡਫੀ ਨੇ ਬੀਤੇ ਦਿਨ ਕਿਹਾ ਕਿ ਕੈਲੀਫੋਰਨੀਆ ਵੱਲੋਂ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਕੀਤੇ ਜਾਣ ਤੋਂ ਸਾਬਤ ਹੁੰਦਾ ਹੈ ਕਿ ਸੂਬੇ ਨੇ ਗ਼ੈਰਵਾਜਿਬ ਵਿਹਾਰ ਕੀਤਾ ਸੀ ਅਤੇ ਉਸ ਨੇ ਪਹਿਲਾਂ ਆਪਣੇ ਲਾਇਸੈਂਸਿੰਗ ਪੈਮਾਨਿਆਂ ਦਾ ਬਚਾਅ ਕੀਤਾ ਸੀ। ਡਫੀ ਦੇ ਚਿੰਤਾ ਜਤਾਏ ਜਾਣ ਮਗਰੋਂ ਕੈਲੀਫੋਰਨੀਆ ਨੇ ਆਪਣੇ ਵੱਲੋਂ ਜਾਰੀ ਕੀਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ। ਡਫੀ ਨੇ ਗਵਰਨਰ ਦਾ ਹਵਾਲਾ ਦਿੰਦਿਆਂ ਕਿਹਾ, ‘‘ਹਫ਼ਤਿਆਂ ਤੱਕ ਇਹ ਦਾਅਵਾ ਕਰਨ ਮਗਰੋਂ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ, ਗੈਵਿਨ ਨਿਊਸਮ ਤੇ ਕੈਲੀਫੋਰਨੀਆ ਰੰਗੇ ਹੱਥੀਂ ਫੜੇ ਗਏ ਹਨ। ਹੁਣ ਜਦੋਂ ਅਸੀਂ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ ਤਾਂ ਗ਼ੈਰਵਾਜਿਬ ਢੰਗ ਨਾਲ ਜਾਰੀ ਕੀਤੇ ਗਏ ਟਰੱਕਾਂ ਦੇ 17 ਹਜ਼ਾਰ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ।’’ ਉਨ੍ਹਾਂ ਕਿਹਾ, ‘‘ਇਹ ਤਾਂ ਛੋਟੀ ਜਿਹੀ ਝਲਕ ਹੈ। ਮੇਰੀ ਟੀਮ ਕੈਲੀਫੋਰਨੀਆ ਨੂੰ ਇਹ ਸਾਬਤ ਕਰਨ ਲਈ ਮਜਬੂਰ ਕਰਦੀ ਰਹੇਗੀ ਕਿ ਉਨ੍ਹਾਂ ਸੈਮੀ-ਟਰੱਕ ਤੇ ਸਕੂਲ ਬੱਸਾਂ ਪਿੱਛੋਂ ਹਰ ਗ਼ੈਰ-ਕਾਨੂੰਨੀ ਪਰਵਾਸੀ ਨੂੰ ਹਟਾ ਦਿੱਤਾ ਹੈ।’’ -ਏਪੀ

