Woman Biker ਨੂੰ Hit ਕਰਨ ਵਾਲਾ Driver ਰਾਜਸਥਾਨ ਤੋਂ Arrested
ਮੁਲਜ਼ਮ ਨੇ ਟੱਕਰ ਮਾਰਨ ਤੋਂ ਪਹਿਲਾਂ ਗ਼ਲਤ ਟਿੱਪਣੀਆਂ ਕੀਤੀਆਂ ਸਨ: ਪੁਲੀਸ
ਗੁਰੂਗ੍ਰਾਮ ਪੁਲੀਸ ਨੇ ਦੋ ਦਿਨ ਪਹਿਲਾਂ ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਕਲਿਆਣ ਬੈਂਸਲਾ ਨੂੰ ਅੱਜ ਰਾਜਸਥਾਨ ਦੇ ਰਾਜਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਸਾਥੀ ਲਵਨੀਸ਼ ਵਾਸੀ ਪਲਵਲ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਮਹਿਲਾ ਬਾਈਕਰ ਸ਼ਿਵਾਨੀ ਚੌਹਾਨ ਨੇ ਆਪਣੀ ਪਛਾਣ ਸੀਆ ਵਜੋਂ ਦੱਸਦਿਆਂ ਸੋਸ਼ਲ ਮੀਡੀਆ ’ਤੇ ਨਵੀਂ ਵੀਡੀਓ ਪਾ ਕੇ ਬੈਂਸਲਾ ਖ਼ਿਲਾਫ਼ ਗੰਭੀਰ ਦੋਸ਼ ਲਾਏ ਸਨ, ਜਿਸ ਮਗਰੋਂ ਗੁਰੂਗ੍ਰਾਮ ਪੁਲੀਸ ਨੇ ਇਸ ਕੇਸ ਵਿੱਚ ਇਰਾਦਾ ਕਤਲ ਦਾ ਦੋਸ਼ (ਭਾਰਤੀ ਨਿਆਂ ਸੰਹਿਤਾ ਦੀ ਧਾਰਾ 109) ਵੀ ਜੋੜ ਲਿਆ ਹੈ। ਪੁਲੀਸ ਕਮਿਸ਼ਨਰ ਸਿਬਾਸ਼ ਕਬੀਰਾਜ ਨੇ ਦੱਸਿਆ, ‘‘ਅਸੀਂ ਕਾਰ ਚਾਲਕ ਕਲਿਆਣ ਬੈਸਲਾ ਨੂੰ ਰਾਜਸਥਾਨ ਤੋਂ ਕਾਬੂ ਕਰ ਲਿਆ ਹੈ। ਕੇਸ ਦੀ ਜਾਂਚ ਅਤੇ ਸੀ ਸੀ ਟੀ ਵੀ ਫੁਟੇਜ ਦੇ ਮੁਲਾਂਕਣ ਮਗਰੋਂ ਕੇਸ ਵਿੱਚ ਧਾਰਾ 109 ਦਾ ਵਾਧਾ ਕੀਤਾ ਗਿਆ ਹੈ, ਜਿਸ ਅਧੀਨ ਦਸ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।’’ ਇਸ ਦੌਰਾਨ ਪੁਲੀਸ ਨੇ ਖ਼ੁਲਾਸਾ ਕੀਤਾ ਕਿ ਮਹਿਲਾ ਬਾਈਕਰ ਨੂੰ ਟੱਕਰ ਮਾਰਨ ਤੋਂ ਪਹਿਲਾਂ ਮੁਲਜ਼ਮ ਨੇ ਉਸ ਬਾਰੇ ਗ਼ਲਤ ਟਿੱਪਣੀਆਂ ਕੀਤੀਆਂ ਸਨ, ਜਿਸ ਮਗਰੋਂ ਉਸ ਨੇ ਕਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਉਹ ਕਈ ਮੀਟਰ ਤੱਕ ਘਿਸਰਦੀ ਚਲੀ ਗਈ।
ਮੁਲਜ਼ਮ ਨੇ ਜਾਣਬੁੱਝ ਕੇ ਅਜਿਹਾ ਕੀਤਾ: ਚੌਹਾਨ
ਨਵੀਂ ਦਿੱਲੀ: ਮਹਿਲਾ ਬਾਈਕਰ ਸ਼ਿਵਾਨੀ ਚੌਹਾਨ ਦੇ ਭਰਾ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਮੁਲਜ਼ਮ ਨੇ ਅਜਿਹਾ ਕਾਰਾ ਗ਼ਲਤੀ ਨਾਲ ਕੀਤਾ। ਉਸ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ, ‘‘ਮੁਲਜ਼ਮ ਦਾ ਦਾਅਵਾ ਹੈ ਕਿ ਉਸ ਵੱਲੋਂ ਖ਼ੁਦ ਨੂੰ ਬਚਾਉਣਾ ਉਚਿਤ ਸੀ। ਉਹ ਦਾਅਵਾ ਕਰ ਰਹੇ ਹਨ ਕਿ ਇਹ ਟੱਕਰ ਗ਼ਲਤੀ ਨਾਲ ਹੋਈ। ਮੇਰਾ ਸਿਰਫ਼ ਇਹ ਕਹਿਣਾ ਹੈ ਕਿ ਜੇ ਇਹ ਗ਼ਲਤੀ ਨਾਲ ਹੋਇਆ ਸੀ ਤਾਂ ਉਸ ਨੂੰ ਰੁਕ ਜਾਣਾ ਚਾਹੀਦਾ ਸੀ।’’ -ਪੀਟੀਆਈ

