ਲੁਕੋ ਨਾ Amit Shah ਜੀ, ਸੰਸਦ ’ਚ ਜਵਾਬ ਦਿਓ: ਵਿਰੋਧੀ ਧਿਰ
ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਵਧੀਕੀ, ਰਾਮ ਮੰਦਰ ਚਡ਼੍ਹਾਵੇ ’ਚ ਹੇਰਾਫੇਰੀ, ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਦੇ ਮੁੱਦੇ ਚੁੱਕੇ
ਵਿਰੋਧੀ ਧਿਰਾਂ ਦੇ ਆਗੂਆਂ ਨੇ ਅੱਜ ਸੰਸਦ ਭਵਨ ਕੰਪਲੈਕਸ ’ਚ ਪ੍ਰਦਰਸ਼ਨ ਕਰ ਕੇ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਵਧੀਕੀ, ਰਾਮ ਮੰਦਰ ਦੇ ਚੜ੍ਹਾਵੇ ’ਚ ਹੇਰਾਫੇਰੀ ਅਤੇ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਦੇ ਮਾਮਲੇ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਪ੍ਰੇਰਨਾ ਸਥੱਲ ’ਤੇ ਮਹਾਤਮਾ ਗਾਂਧੀ ਦੇ ਬੁੱਤ ਤੋਂ ਮਕਰ ਦੁਆਰ ਤੱਕ ਮਾਰਚ ਕੀਤਾ ਅਤੇ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖੜਗੇ ਨੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦਿਆਂ ਸਵਾਲ ਕੀਤਾ ਕਿ ਸ਼ਾਹ ਸੰਸਦ ’ਚ ਬਿਆਨ ਦੇਣ ਤੋਂ ਕਿਉਂ ਭੱਜ ਰਹੇ ਹਨ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਸ਼ਾਹ ਨੂੰ ਘੇਰਦਿਆਂ ਕਿਹਾ, ‘‘ਅਮਿਤ ਸ਼ਾਹ ਜੀ, ਲੁਕੋ ਨਾ; ਸੰਸਦ ’ਚ ਦੇਸ਼ ਦੇ ਸਵਾਲਾਂ ਦਾ ਜਵਾਬ ਦਿਓ ਕਿ ਵਿਦਿਆਰਥੀਆਂ ’ਤੇ ਹਮਲੇ ਦਾ ਹੁਕਮ ਕਿਸ ਨੇ ਦਿੱਤਾ ਸੀ?’’ ਪ੍ਰਿਯੰਕਾ ਨੇ ਕਿਹਾ ਕਿ ਜੇ ਵਿਦਿਆਰਥੀਆਂ ’ਤੇ ਪੈਲੇਟ ਗੰਨ ਚੱਲੀਆਂ ਹਨ, ਅੱਥਰੂ ਗੈਸ ਅਤੇ ਲਾਠੀਚਾਰਜ ਹੋਇਆ ਹੈ ਤਾਂ ਫਿਰ ਕਿਸੇ ਨੇ ਹੁਕਮ ਦਿੱਤਾ ਹੋਵੇਗਾ, ਜਿਸ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

