ਵਿਖਾਵਾਕਾਰੀ ਵਿਦਿਆਰਥੀਆਂ ਦਾ ਰਾਹ ਨਾ ਰੋਕੋ: ਰਾਹੁਲ ਗਾਂਧੀ
ਮੁੱਖ ਚੋਣ ਕਮਿਸ਼ਨਰ ਵਿਰੋਧੀ ਮੁਜ਼ਾਹਰਿਆਂ ਦੌਰਾਨ ਜ਼ਖ਼ਮੀ ਹੋਏ ਵਿਦਿਅਾਰਥੀਆਂ ਨਾਲ ਮੁਲਾਕਾਤ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਵਿਖਾਵਾਕਾਰੀ ਵਿਦਿਆਰਥੀਆਂ ਦਾ ਰਾਹ ਨਾ ਰੋਕਣ, ਕਿਉਂਕਿ ਉਹ ਦੇਸ਼ ਦੀ ਆਵਾਜ਼ ਹਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਬੁੱਧਵਾਰ ਨੂੰ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨ ਐੱਸ ਯੂ ਆਈ ਦੇ ਵੀ ਕੁਝ ਲੋਕ ਵੀ ਸ਼ਾਮਲ ਸਨ। ਇਹ ਵਿਦਿਆਰਥੀ ਐੱਸ ਆਈ ਆਰ ਅਮਲ ਵਿੱਚ ਕਥਿਤ ਬੇਨਿਯਮੀਆਂ ਦੇ ਹਵਾਲੇ ਨਾਲ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਕੀਤੇ ਵਿਖਾਵਿਆਂ ਦੌਰਾਨ ਜ਼ਖ਼ਮੀ ਹੋ ਗਏ ਸਨ। ਵਿਦਿਆਰਥੀਆਂ ਨਾਲ ਮੁਲਾਕਾਤ ਸੋਨੀਆ ਗਾਂਧੀ ਦੀ 10 ਜਨਪਥ ਰਿਹਾਇਸ਼ ’ਤੇ ਹੋਈ।
ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਪੁਲੀਸ ਕਾਂਸਟੇਬਲ ਤੱਕ, ਉਨ੍ਹਾਂ ਸਾਰਿਆਂ ਖ਼ਿਲਾਫ਼ ਕਾਰਵਾਈ ਹੋਵੇਗੀ ਜਿਨ੍ਹਾਂ ਹਾਲੀਆ ਵਿਰੋਧ ਮੁਜ਼ਾਹਰਿਆਂ ਦੌਰਾਨ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਕੀਤੀ। ਇਸ ਦੌਰਾਨ ਕੁਝ ਵਿਖਾਵਾਕਾਰੀ ਵਿਦਿਆਰਥੀਆਂ ਨੇ ਹਿਰਾਸਤ ਦੌਰਾਨ ਪੁਲੀਸ ਵੱਲੋਂ ਉਨ੍ਹਾਂ ਨਾਲ ਕੀਤੇ ‘ਅਣਮਨੁੱਖੀ’ ਵਿਹਾਰ ਅਤੇ ਕੁੱਟਮਾਰ ਬਾਰੇ ਵੀ ਦੱਸਿਆ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪੁਲੀਸ ਅਮਲੇ ਨੇ ‘ਸਬਕ ਸਿਖਾਉਣ’ ਦੇ ਇਰਾਦੇ ਨਾਲ ਉਨ੍ਹਾਂ ਦੇ ਗੁਪਤ ਅੰਗਾਂ ਉੱਤੇ ਵੀ ਸੱਟਾਂ ਮਾਰੀਆਂ। ਗਾਂਧੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕਾਂਗਰਸ ਪਾਰਟੀ ਉਨ੍ਹਾਂ ਨਾਲ ਖੜ੍ਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਾਰਟੀ ਦੇ ‘ਸ਼ੇਰ’ ਅਤੇ ‘ਸ਼ੇਰਨੀਆਂ’ ਦੱਸਿਆ।
ਗਾਂਧੀ ਨੇ ਸਾਰੇ ਜ਼ਖ਼ਮੀ ਵਿਦਿਆਰਥੀਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਰੱਖਣ ਲਈ ਆਖਦਿਆਂ ਕਿਹਾ, ‘‘ਜਿਵੇਂ ਮੈਂ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ, ਇਹ ਭਾਰਤ ਹੈ। ਅਮਿਤ ਸ਼ਾਹ ਜੀ ਕਿਰਪਾ ਕਰ ਕੇ ਧਿਆਨ ਨਾਲ ਦੇਖੋ, ਇਹ ਸਾਰੇ ਇਕਜੁੱਟ ਹਨ। ਕੋਈ ਵੀ ਮੁਸਲਿਮ, ਹਿੰਦੂ ਨਹੀਂ... ਕੋਈ ਜਾਤ, ਕੋਈ ਲਿੰਗ ਨਹੀਂ... ਇਹ ਸਾਰੇ ਇਕੱਠੇ ਹਨ। ਇਹ ਹਿੰਦੁਸਤਾਨ ਹੈ। ਮੈਂ ਪੁਲੀਸ ਨੂੰ ਬੜੇ ਪਿਆਰ ਨਾਲ ਦੱਸਣਾ ਚਾਹੁੰਦਾ ਹਾਂ ਕਿ ਮੈਂ ਹਰੇਕ ਵਿਦਿਆਰਥੀ ਨੂੰ ਵੀਡੀਓ ਬਣਾਉਣ, ਸਬੂਤ ਆਪਣੇ ਕੋਲ ਰੱਖਣ ਅਤੇ ਸਾਨੂੰ ਭੇਜਣ ਲਈ ਕਿਹਾ ਹੈ। ਜਦੋਂ ਇਹ ਸਭ ਕੁਝ ਖ਼ਤਮ ਹੋਵੇਗਾ, ਸਾਨੂੰ ਨਿਆਂ ਮਿਲੇਗਾ ਤੇ ਸਾਡੇ ਵਿਦਿਆਰਥੀਆਂ ਨੂੰ ਕੁੱਟਣ ਵਾਲਿਆਂ... ਉੱਪਰ ਤੋਂ ਥੱਲੇ... ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਗਿਆਨੇਸ਼ ਕੁਮਾਰ ਤੋਂ ਸਾਰੇ ਕਾਂਸਟੇਬਲਾਂ, ਜਿਨ੍ਹਾਂ ਸਾਡੇ ਬੱਚਿਆਂ ਉੱਤੇ ਹੱਥ ਚੁੱਕੇ ਹਨ, ਨੂੰ ਸਜ਼ਾਵਾਂ ਮਿਲਣਗੀਆਂ।’’
ਇਸ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਸੰਸਦ ਦੀ ਮਰਿਆਦਾ ਕਮੇਟੀ ਨੂੰ ਪੱਤਰ ਲਿਖ ਕੇ ਕੌਮੀ ਰਾਜਧਾਨੀ ਵਿੱਚ ਸੀ ਈ ਸੀ ਵਿਰੋਧੀ ਮੁਜ਼ਾਹਰਿਆਂ ਦੌਰਾਨ ਪੁਲੀਸ ਵੱਲੋਂ ਉਨ੍ਹਾਂ ਨਾਲ ਵਾਰ-ਵਾਰ ਕੀਤੀ ਧੱਕਾਮੁੱਕੀ ਲਈ ਦਿੱਲੀ ਦੇ ਪੁਲੀਸ ਕਮਿਸ਼ਨਰ ਤੇ ਹੋਰਨਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, ‘‘ਅਸੀਂ ਕੋਈ ਠੱਗ, ਮਾਫੀਆ ਜਾਂ ਦਹਿਸ਼ਤਗਰਦ ਨਹੀਂ। ਅਸੀਂ ਸੰਸਦ ਮੈਂਬਰ ਹਾਂ।’’

