ਡੀ ਐੱਮ ਕੇ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ
ਤਮਿਲ ਨਾਡੂ ਦੀ ਮੁੱਖ ਵਿਰੋਧੀ ਧਿਰ ਡੀ ਐੱਮ ਕੇ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀ ਸਰਪ੍ਰਸਤੀ ਹੇਠ ਕਾਂਗਰਸ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ‘ਇੰਡੀਆ’ ਗੱਠਜੋੜ ਦੀ ਏਕਤਾ ਨੂੰ ਨੁਕਸਾਨ ਪਹੁੰਚਾਇਆ। ਡੀ ਐੱਮ ਕੇ ਨੇ ਕਿਹਾ ਕਿ ਕਾਂਗਰਸ...
ਤਮਿਲ ਨਾਡੂ ਦੀ ਮੁੱਖ ਵਿਰੋਧੀ ਧਿਰ ਡੀ ਐੱਮ ਕੇ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀ ਸਰਪ੍ਰਸਤੀ ਹੇਠ ਕਾਂਗਰਸ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ‘ਇੰਡੀਆ’ ਗੱਠਜੋੜ ਦੀ ਏਕਤਾ ਨੂੰ ਨੁਕਸਾਨ ਪਹੁੰਚਾਇਆ। ਡੀ ਐੱਮ ਕੇ ਨੇ ਕਿਹਾ ਕਿ ਕਾਂਗਰਸ ਸੂਬਿਆਂ ਦੀਆਂ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਖ਼ਿਲਾਫ਼ ‘ਗੁਪਤ ਚਾਲਾਂ’ ਚੱਲਦੀ ਹੈ ਅਤੇ ਲੋਕ ਸਭਾ ਚੋਣਾਂ ਵੇਲੇ ਸਮਰਥਨ ਮੰਗਦੀ ਹੈ। ਸੂਬੇ ਦੀ ਮੁੱਖ ਵਿਰੋਧੀ ਧਿਰ ਨੇ ਕਾਂਗਰਸ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ 23 ਅਪਰੈਲ ਨੂੰ ਹੋਈਆਂ ਤਮਿਲ ਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਉਸ ਦੀ ਪਿੱਠ ਵਿੱਚ ਛੁਰਾ ਮਾਰਿਆ ਅਤੇ ਇਹ ਸਭ ਉਨ੍ਹਾਂ ਦੇ ਸਿਖਰਲੇ ਆਗੂ ਰਾਹੁਲ ਗਾਂਧੀ ਦੀ ਸਰਪ੍ਰਸਤੀ ਹੇਠ ਹੋਇਆ। ਡੀ ਐੱਮ ਕੇ ਨੇ ਹਾਲ ਹੀ ਵਿੱਚ ਹੋਈ ‘ਇੰਡੀਆ’ ਗੱਠਜੋੜ ਦੀ ਮੀਟਿੰਗ ਵਿੱਚ ਰਾਹੁਲ ਦੇ ਏਕਤਾ ਬਾਰੇ ਭਾਸ਼ਣ ਦਾ ਮਜ਼ਾਕ ਉਡਾਇਆ। ਡੀ ਐੱਮ ਕੇ ਦੇ ਅਧਿਕਾਰਤ ਮੁੱਖ ਪੱਤਰ ‘ਮੁਰਾਸੋਲੀ’ ਨੇ ਆਪਣੀ ਸੰਪਾਦਕੀ ਵਿੱਚ ਰਾਹੁਲ ਗਾਂਧੀ ਦੇ ਏਕਤਾ ਵਾਲੇ ਬਿਆਨ ਨੂੰ ‘ਦੇਰ ਨਾਲ ਆਈ ਸਮਝਦਾਰੀ’ ਕਰਾਰ ਦਿੱਤਾ। ਅਖ਼ਬਾਰ ਮੁਤਾਬਕ, ਮੀਟਿੰਗ ਦੌਰਾਨ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ, ਆਰ ਜੇ ਡੀ ਦੇ ਤੇਜਸਵੀ ਯਾਦਵ ਅਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਰਾਹੁਲ ਦੀ ਸਖ਼ਤ ਆਲੋਚਨਾ ਕੀਤੀ ਹੈ।

