ਭਾਰਤ-ਕੈਨੇਡਾ ਵਿਚਾਲੇ ਵਪਾਰਕ ਸਮਝੌਤੇ ਬਾਰੇ ਚਰਚਾ
ਭਾਰਤ ਅਤੇ ਕੈਨੇਡਾ ਨੇ ਅੱਜ ਮਾਲ ਅਤੇ ਸੇਵਾਵਾਂ ਲਈ ਇੱਕ-ਦੂਜੇ ਦੇ ਬਾਜ਼ਾਰਾਂ ਤੱਕ ਆਸਾਨ ਪਹੁੰਚ ਬਣਾਉਣ ਵਾਸਤੇ ਤਜਵੀਜ਼ਤ ਵਪਾਰਕ ਸਮਝੌਤੇ ਦੀ ਗੱਲਬਾਤ ਅੱਗੇ ਵਧਾਉਣ ’ਤੇ ਵਿਚਾਰ-ਚਰਚਾ ਕੀਤੀ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਨਿੰਦਰ ਸਿੱਧੂ...
ਭਾਰਤ ਅਤੇ ਕੈਨੇਡਾ ਨੇ ਅੱਜ ਮਾਲ ਅਤੇ ਸੇਵਾਵਾਂ ਲਈ ਇੱਕ-ਦੂਜੇ ਦੇ ਬਾਜ਼ਾਰਾਂ ਤੱਕ ਆਸਾਨ ਪਹੁੰਚ ਬਣਾਉਣ ਵਾਸਤੇ ਤਜਵੀਜ਼ਤ ਵਪਾਰਕ ਸਮਝੌਤੇ ਦੀ ਗੱਲਬਾਤ ਅੱਗੇ ਵਧਾਉਣ ’ਤੇ ਵਿਚਾਰ-ਚਰਚਾ ਕੀਤੀ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਨਿੰਦਰ ਸਿੱਧੂ ਵਿਚਾਲੇ ਇਸ ਬਾਰੇ ਅਹਿਮ ਮੀਟਿੰਗ ਹੋਈ।
ਗੋਇਲ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਸੰਪੂਰਨ ਆਰਥਿਕ ਭਾਈਵਾਲੀ ਸਮਝੌਤੇ (ਸੀ ਈ ਪੀ ਏ) ਨਾਲ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਸਮਝੌਤਾ ਦੁਵੱਲੇ ਵਪਾਰ ਨੂੰ ਨਵਾਂ ਹੁਲਾਰਾ ਦੇਵੇਗਾ। ਸੀ ਈ ਪੀ ਏ ਅਜਿਹਾ ਮੁਕਤ ਵਪਾਰ ਸਮਝੌਤਾ ਹੈ, ਜਿਸ ਤਹਿਤ ਵੱਧ ਤੋਂ ਵੱਧ ਵਸਤਾਂ ’ਤੇ ਦਰਾਮਦ ਡਿਊਟੀ ਘਟਾਈ ਜਾਂ ਖ਼ਤਮ ਕੀਤੀ ਜਾਂਦੀ ਹੈ ਅਤੇ ਨਿਵੇਸ਼ ਦੇ ਨਿਯਮ ਸੌਖੇ ਕੀਤੇ ਜਾਂਦੇ ਹਨ।
ਦੋਵਾਂ ਧਿਰਾਂ ਦੇ ਮੁੱਖ ਵਾਰਤਾਕਾਰਾਂ ਨੇ 9 ਅਕਤੂਬਰ ਨੂੰ ਕੈਨੇਡਾ ਵਿੱਚ ਪੰਜਵੇਂ ਗੇੜ ਦੀ ਗੱਲਬਾਤ ਮੁਕੰਮਲ ਕਰ ਲਈ ਹੈ ਅਤੇ ਇਸ ਸਾਲ ਦੇ ਅੰਤ ਤੱਕ ਸਮਝੌਤਾ ਸਿਰੇ ਚਾੜ੍ਹਨ ਦਾ ਟੀਚਾ ਹੈ। -ਪੀਟੀਆਈ
ਮੋਦੀ ਵੱਲੋਂ ਕਾਰਨੀ ਨਾਲ ਫੋਨ ’ਤੇ ਗੱਲਬਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਦੁਵੱਲੇ ਸਬੰਧਾਂ ਵਿੱਚ ਬਣੀ ਰਫ਼ਤਾਰ ਹੋਰ ਅੱਗੇ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਵਪਾਰ, ਊਰਜਾ, ਤਕਨਾਲੋਜੀ, ਸੁਰੱਖਿਆ ਅਤੇ ਲੋਕਾਂ ਦੇ ਆਪਸੀ ਸੰਪਰਕ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਮਿਲ ਕੇ ਵਧੇਰੇ ਸਥਿਰ ਅਤੇ ਖ਼ੁਸ਼ਹਾਲ ਦੁਨੀਆ ਸਿਰਜਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। -ਪੀਟੀਆਈ

