Shimla ਵਿੱਚ ਨਾਮੀਂ ਸਕੂਲ ਦੀ ਡਾਇਰੈਕਟਰ ਦਾ ਕੈਂਪਸ ਵਿੱਚ ਗੋਲੀਆਂ ਮਾਰ ਕੇ ਕਤਲ
ਸ਼ਿਮਲਾ ਦੇ ਸੰਜੌਲੀ ਇਲਾਕੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਾਮੀ ਨਿੱਜੀ ਸਕੂਲ ਦੀ ਡਾਇਰੈਕਟਰ ਦਾ ਸਕੂਲ ਕੈਂਪਸ ਦੇ ਅੰਦਰ ਹੀ ਅਣਪਛਾਤੇ ਹਮਲਾਵਰਾਂ ਵੱਲੋਂ ਕਥਿਤ ਤੌਰ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ...
ਸ਼ਿਮਲਾ ਦੇ ਸੰਜੌਲੀ ਇਲਾਕੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਾਮੀ ਨਿੱਜੀ ਸਕੂਲ ਦੀ ਡਾਇਰੈਕਟਰ ਦਾ ਸਕੂਲ ਕੈਂਪਸ ਦੇ ਅੰਦਰ ਹੀ ਅਣਪਛਾਤੇ ਹਮਲਾਵਰਾਂ ਵੱਲੋਂ ਕਥਿਤ ਤੌਰ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕਾ ਦੀ ਪਛਾਣ ਸਰਸਵਤੀ ਪੈਰਾਡਾਈਜ਼ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਡਾਇਰੈਕਟਰ ਮੀਨਾਕਸ਼ੀ ਮਿੱਤਲ ਵਜੋਂ ਹੋਈ ਹੈ।
ਪੁਲੀਸ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਨੂੰ ਉਸ ਵੇਲੇ ਵਾਪਰੀ ਜਦੋਂ ਅਣਪਛਾਤੇ ਹਮਲਾਵਰ ਪੰਜਾਬ ਦੇ ਨੰਬਰ ਵਾਲੀ ਗੱਡੀ ਵਿੱਚ ਆਏ ਅਤੇ ਸਕੂਲ ਦੇ ਗੇਟ ਨੇੜੇ ਉਨ੍ਹਾਂ 'ਤੇ ਕਈ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਪੁਲੀਸ ਟੀਮ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਲਾਸ਼ ਨੂੰ ਪੋਸਟਮਾਰਟਮ ਲਈ ਇੰਦਰਾ ਗਾਂਧੀ ਮੈਡੀਕਲ ਕਾਲਜ (IGMC), ਸ਼ਿਮਲਾ ਭੇਜਿਆ ਗਿਆ ਹੈ। ਟੀਮ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਸੀ ਸੀ ਟੀ ਵੀ (CCTV) ਫੁਟੇਜ ਖੰਗਾਲ ਰਹੀ ਹੈ।
ਸ਼ਿਮਲਾ ਦੇ ਐੱਸ ਐੱਸ ਪੀ ਗੌਰਵ ਸਿੰਘ ਨੇ ਦੱਸਿਆ ਕਿ ਬੀ ਐੱਨ ਐੱਸ (BNS) ਦੀ ਧਾਰਾ 103 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐੱਸ ਐੱਸ ਪੀ ਨੇ ਕਿਹਾ ਕੀ ਸੀ ਸੀ ਟੀ ਵੀ ਫੁਟੇਜ ਖੰਗਾਲਣ ਤੋਂ ਇਲਾਵਾ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਮ੍ਰਿਤਕਾ ਦਾ ਆਪਣੇ ਭਰਾ ਨਾਲ ਲੰਮੇ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹਾਲਾਂਕਿ, ਕਤਲ ਦੇ ਪਿੱਛੇ ਦੇ ਅਸਲ ਮਕਸਦ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।

