ਬੋਦਲੀ (ਗੁਜਰਾਤ), 7 ਅਗਸਤ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੀਆਂ ਗੁਜਰਾਤ ਚੋਣਾਂ ਵਿੱਚ ਮੁਕਾਬਲਾ ‘ਇਮਾਨਦਾਰ’ ਆਮ ਆਦਮੀ ਪਾਰਟੀ ਅਤੇ ਭ੍ਰਿਸ਼ਟਾਚਾਰ ਤੇ ਨਕਲੀ ਸ਼ਰਾਬ ਵੇਚਣ ਵਾਲੀ ਭਾਜਪਾ ਵਿਚਾਲੇ ਹੈ। ਕਬਾਇਲੀ ਬਹੁਗਿਣਤੀ ਵਾਲੇ ਛੋਟਾ ਉਦੈਪੁਰ ਜ਼ਿਲ੍ਹੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਇਸ ਦੇ ਆਗੂ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਕਰਕੇ ਕਾਂਗਰਸ ਨੂੰ ਵੋਟ ਪਾਉਣ ਦਾ ਕੋਈ ਮਤਲਬ ਨਹੀਂ ਹੈ। ਕੇਜਰੀਵਾਲ ਨੇ ਕਿਹਾ, ‘‘ਕਾਂਗਰਸ ਨੂੰ ਵੋਟ ਪਾਉਣ ਦਾ ਕੋਈ ਮਤਲਬ ਨਹੀਂ ਹੈ। ਇਸ ਵਾਰ ਕਾਂਗਰਸ ਨੂੰ ਇੱਕ ਵੀ ਵੋਟ ਨਹੀਂ ਮਿਲਣੀ ਚਾਹੀਦੀ। ਹਰ ਵੋਟ ‘ਆਪ’ ਨੂੰ ਜਾਣੀ ਚਾਹੀਦੀ ਹੈ। ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਚੋਣਾਂ ਤੋਂ ਪਹਿਲਾਂ ਕਈ ਹੋਰ ਵੀ ਸ਼ਾਮਲ ਹੋਣਗੇ। ਜੋ ਕਾਂਗਰਸ ਵਿੱਚ ਰਹਿ ਜਾਣਗੇ, ਉਹ ਚੋਣਾਂ ਤੋਂ ਬਾਅਦ ਭਾਜਪਾ ਵਿੱਚ ਚਲੇ ਜਾਣਗੇ।’’
ਨਕਲੀ ਸ਼ਰਾਬ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਆਗੂ ਦਾਅਵਾ ਕਰਦੇ ਹਨ ਕਿ ਗੁਜਰਾਤ ਵਿੱਚ ਸ਼ਰਾਬਬੰਦੀ ਹੈ ਪਰ ਇੱਥੇ ਸ਼ਰਾਬ ਹਰ ਜਗ੍ਹਾ ਮਿਲਦੀ ਹੈ। ਉਨ੍ਹਾਂ ਕਿਹਾ, ‘‘ਜੇ ਤੁਸੀਂ ਭਾਜਪਾ ਨੂੰ ਵੋਟ ਦਿੰਦੇ ਹੋ ਤਾਂ ਇਹ ਤੁਹਾਡੇ ਬੱਚਿਆਂ ਨੂੰ ਵੀ ਸ਼ਰਾਬ ਪਿਆਉਣਗੇ।’’ -ਪੀਟੀਆਈ
ਕੇਜਰੀਵਾਲ ਵੱਲੋਂ ਕਬਾਇਲੀ ਖੇਤਰਾਂ ’ਚ ਸੰਵਿਧਨ ਦੀ ਪੰਜਵੀਂ ਅਨੁਸੂਚੀ ਲਾਗੂ ਕਰਨ ਦਾ ਵਾਅਦਾ
ਵਡੋਦਰਾ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਗੁਜਰਾਤ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਦੇ ਕਬਾਇਲੀ ਖੇਤਰਾਂ ਵਿੱਚ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਅਤੇ ਪੰਚਾਇਤ (ਅਨੁਸੂਚਿਤ ਖੇਤਰਾਂ ਵਿੱਚ ਵਿਸਥਾਰ) ਐਕਟ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਕਬਾਇਲੀ ਸਲਾਹਕਾਰ ਕਮੇਟੀ ਦੀ ਅਗਵਾਈ ਵੀ ਮੁੱਖ ਮੰਤਰੀ ਦੀ ਜਗ੍ਹਾ ਭਾਈਚਾਰੇ ਦਾ ਹੀ ਕੋਈ ਆਗੂ ਕਰੇਗਾ। ਛੋਟਾ ਉਦੈਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੇ ਸੱਤਾ ’ਚ ਆਉਣ ’ਤੇ ਹਰ ਕਬਾਇਲੀ ਪਿੰਡ ਵਿੱਚ ਇੱਕ ਚੰਗਾ ਸਰਕਾਰੀ ਸਕੂਲ ਅਤੇ ‘ਮੁਹੱਲਾ ਕਲੀਨਿਕ’ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਆਦਿਵਾਸੀਆਂ ਦੇ ਮੁਫ਼ਤ ਇਲਾਜ ਲਈ ਇਲਾਕੇ ਵਿੱਚ ਹਸਪਤਾਲ ਵੀ ਬਣਾਏ ਜਾਣਗੇ। -ਪੀਟੀਆਈ