ਸਰਜੀਕਲ ਸਟ੍ਰਾਈਕ ਬਾਰੇ ਦਿਗਵਿਜੈ ਦੀਆਂ ਟਿੱਪਣੀਆਂ ਹਾਸੋਹੀਣੀਆਂ: ਰਾਹੁਲ ਗਾਂਧੀ : The Tribune India

ਸਰਜੀਕਲ ਸਟ੍ਰਾਈਕ ਬਾਰੇ ਦਿਗਵਿਜੈ ਦੀਆਂ ਟਿੱਪਣੀਆਂ ਹਾਸੋਹੀਣੀਆਂ: ਰਾਹੁਲ ਗਾਂਧੀ

ਕਾਂਗਰਸ ਆਗੂ ਮੁਤਾਬਕ ਸੈਨਾ ਨੂੰ ਸਬੂਤ ਦੇਣ ਦੀ ਲੋੜ ਨਹੀਂ

ਸਰਜੀਕਲ ਸਟ੍ਰਾਈਕ ਬਾਰੇ ਦਿਗਵਿਜੈ ਦੀਆਂ ਟਿੱਪਣੀਆਂ ਹਾਸੋਹੀਣੀਆਂ: ਰਾਹੁਲ ਗਾਂਧੀ

ਝੱਜਰ ਕੋਟਲੀ/ਜੰਮੂ, 24 ਜਨਵਰੀ

ਮੁੱਖ ਅੰਸ਼

  • ਦਿਗਵਿਜੈ ਸਿੰਘ ਦੀਆਂ ਟਿੱਪਣੀਆਂ ’ਤੇ ਪਾਰਟੀ ਵੀ ਅਸਹਿਮਤ

ਕਾਂਗਰਸ ਆਗੂ ਦਿਗਵਿਜੈ ਸਿੰਘ ਵੱਲੋਂ ‘ਸਰਜੀਕਲ ਸਟ੍ਰਾਈਕ’ ਉਤੇ ਉਠਾਏ ਸਵਾਲਾਂ ਦੇ ਮੁੱਦੇ ’ਤੇ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿਗਵਿਜੈ ਦੇ ਬਿਆਨਾਂ ਨਾਲ ਸਹਿਮਤ ਨਹੀਂ ਹੈ ਤੇ ਹਥਿਆਰਬੰਦ ਬਲਾਂ ਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ। ਰਾਹੁਲ ਨੇ ਪਾਰਟੀ ਸਹਿਯੋਗੀ ਦਿਗਵਿਜੈ ਦੇ ਬਿਆਨਾਂ ਨੂੰ ‘ਹਾਸੋਹੀਣਾ’ ਕਰਾਰ ਦਿੰਦਿਆਂ ਵੱਖਰੀ ਰਾਇ ਪ੍ਰਗਟ ਕੀਤੀ। ਦਿਗਵਿਜੈ ਦੀਆਂ ਟਿੱਪਣੀਆਂ ’ਤੇ ਮੀਡੀਆ ਨੇ ਅੱਜ ਰਾਹੁਲ ਨੂੰ ਕਈ ਸਵਾਲ ਕੀਤੇ। ਜ਼ਿਕਰਯੋਗ ਹੈ ਕਿ ਦਿਗਵਿਜੈ ਸਿੰਘ ਨੇ ਸੋਮਵਾਰ ‘ਸਰਜੀਕਲ ਸਟ੍ਰਾਈਕ’ ਉਤੇ ਸਵਾਲ ਚੁੱਕਿਆ ਸੀ ਤੇ ਸਰਕਾਰ ਉਤੇ ਝੂਠ ਬੋਲਣ ਦਾ ਦੋਸ਼ ਲਾਇਆ ਸੀ। ਰਾਹੁਲ ਨੂੰ ਅੱਜ ਪੁਲਵਾਮਾ ਹਮਲੇ ਬਾਰੇ ਵੀ ਸਵਾਲ ਕੀਤੇ ਗਏ। ਕਾਂਗਰਸ ਆਗੂ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਹੋਰ ਪਾਰਟੀ ਸਹਿਯੋਗੀ ਦਿਗਵਿਜੈ ਦੇ ਬਿਆਨਾਂ ਨਾਲ ਸਹਿਮਤੀ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਵੀ ਅਧਿਕਾਰਤ ਰੁਖ਼ ਹੈ। ਰਾਹੁਲ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਕੁਝ ਲੋਕ ਹਨ ਜੋ ਗੱਲਬਾਤ ਵਿਚ ਹਾਸੋਹੀਣਾ ਕੁਝ ਕਹਿਣਗੇ। ਮੈਨੂੰ ਇਕ ਸੀਨੀਅਰ ਆਗੂ ਬਾਰੇ ਇਹ ਕਹਿਣ ਦਾ ਅਫ਼ਸੋਸ ਹੈ, ਉਨ੍ਹਾਂ ਹਾਸੋਹੀਣੀ ਗੱਲ ਕੀਤੀ ਹੈ। ਸਾਨੂੰ ਆਪਣੀ ਫ਼ੌਜ ਉਤੇ ਪੂਰਾ ਭਰੋਸਾ ਹੈ। ਜੇ ਸੈਨਾ ਕੁਝ ਕਰਦੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ।’ ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚ ‘ਭਾਰਤ ਜੋੜੋ ਯਾਤਰਾ’ ਦੌਰਾਨ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਦਿਗਵਿਜੈ ਨੇ ਕਿਹਾ ਸੀ, ‘ਉਹ ਸਰਜੀਕਲ ਸਟ੍ਰਾਈਕ ਦੀ ਗੱਲ ਕਰਦੇ ਹਨ। ਉਹ ਕਈ ਲੋਕਾਂ ਨੂੰ ਮਾਰਨ ਦੀ ਗੱਲ ਕਰਦੇ ਹਨ ਪਰ ਕੋਈ ਸਬੂਤ ਨਹੀਂ ਦਿੱਤਾ। ਉਹ ਝੂਠ ਦੇ ਸਹਾਰੇ ਸ਼ਾਸਨ ਕਰ ਰਹੇ ਹਨ।’ ਦਿਗਵਿਜੈ ਖ਼ਿਲਾਫ਼ ਕਾਂਗਰਸ ਵੱਲੋਂ ਕੋਈ ਕਾਰਵਾਈ ਕੀਤੇ ਜਾਣ ਦੇ ਸਵਾਲ ’ਤੇ ਰਾਹੁਲ ਨੇ ਕਿਹਾ ਕਿ ਕਾਂਗਰਸ ਇਕ ਲੋਕਤੰਤਰਿਕ ਪਾਰਟੀ ਹੈ, ਇੱਥੇ ਕੋਈ ‘ਤਾਨਾਸ਼ਾਹੀ ਨਹੀਂ ਹੈ’। ਉਨ੍ਹਾਂ ਕਿਹਾ ਕਿ ਇਹ ਦਿਗਵਿਜੈ ਦੇ ਨਿੱਜੀ ਵਿਚਾਰ ਹਨ। -ਪੀਟੀਆਈ

ਸਰਕਾਰ ਨੂੰ ਸਵਾਲ ਕੀਤਾ, ਰੱਖਿਆ ਅਧਿਕਾਰੀਆਂ ਨੂੰ ਨਹੀਂ: ਦਿਗਵਿਜੈ

ਜੰਮੂ ’ਚ ਇੱਕ ਜਨਤਕ ਇਕੱਠ ’ਚ ਮੌਜੂਦ ਕਾਂਗਰਸੀ ਆਗੂ ਦਿਗਵਿਜੈ ਸਿੰਘ ਅਤੇ ਜੈਰਾਮ ਰਮੇਸ਼। -ਫੋਟੋ: ਪੀਟੀਆਈ

ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਅੱਜ ਕਿਹਾ ਕਿ ਸਰਜੀਕਲ ਸਟ੍ਰਾਈਕ ਬਾਰੇ ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਸੀ, ਰੱਖਿਆ ਅਧਿਕਾਰੀਆਂ ਨੂੰ ਨਹੀਂ। ਉਨ੍ਹਾਂ ਕਿਹਾ ਕਿ ਉਹ ਰੱਖਿਆ ਬਲਾਂ ਦਾ ਬਹੁਤ ਸਨਮਾਨ ਕਰਦੇ ਹਨ। ਦਿਗਵਿਜੈ ਨੇ ਕਿਹਾ ਕਿ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਉਨ੍ਹਾਂ ਨੂੰ ਤੱਥ ਜਾਣਨ ਦਾ ਹੱਕ ਹੈ। ਦਿਗਵਿਜੈ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀਆਂ ਦੋ ਭੈਣਾਂ ਜਲ ਸੈਨਾ ਦੇ ਅਧਿਕਾਰੀਆਂ ਨਾਲ ਵਿਆਹੀਆਂ ਹੋਈਆਂ ਹਨ, ਰੱਖਿਆ ਅਧਿਕਾਰੀਆਂ ਨੂੰ ਸਵਾਲ ਕਰਨ ਦਾ ਕੋਈ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਸਵਾਲ ਮੋਦੀ ਸਰਕਾਰ ਵੱਲ ਸੇਧਤ ਸਨ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਅੱਜ ਦਿਗਵਿਜੈ ਦੀਆਂ ਟਿੱਪਣੀਆਂ ਤੋਂ ਕਿਨਾਰਾ ਕਰਦਿਆਂ ਕਿਹਾ ਹੈ ਕਿ ਸੈਨਾ ‘ਆਪਣਾ ਕੰਮ ਬਿਹਤਰੀਨ ਢੰਗ ਨਾਲ ਕਰ ਰਹੀ ਹੈ।’ -ਪੀਟੀਆਈ

ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ

ਦਿਗਵਿਜੈ ਸਿੰਘ ਵੱਲੋਂ ਕੀਤੀਆਂ ਟਿੱਪਣੀਆਂ ਦੇ ਸੰਦਰਭ ਵਿਚ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਾਂਗਰਸ ਦਾ ਡੀਐੱਨਏ ਪਾਕਿਸਤਾਨ ਪੱਖੀ ਹੈ। ਕਈ ਵਾਰ ਉਹ ਸਰਜੀਕਲ ਸਟ੍ਰਾਈਕ ਦਾ ਸਬੂਤ ਮੰਗਦੇ ਹਨ ਤੇ ਕਈ ਵਾਰ ਭਗਵਾਨ ਰਾਮ ਤੇ ਰਾਮ ਸੇਤੂ ਦੀ ਹੋਂਦ ਦਾ ਸਬੂਤ ਮੰਗਦੇ ਹਨ। ਭਾਜਪਾ ਨੇ ਨਾਲ ਹੀ ਕਾਂਗਰਸ ਨੂੰ ਕਿਹਾ ਕਿ ਉਹ ਅਤਿਵਾਦ ਤੇ ਕੌਮੀ ਸੁਰੱਖਿਆ ਦੇ ਮੁੱਦੇ ਉਤੇ ਆਪਣਾ ਰੁਖ਼ ਸਪੱਸ਼ਟ ਕਰਨ। ਰਾਹੁਲ ਗਾਂਧੀ ਨੂੰ ਘੇਰਦਿਆਂ ਭਾਜਪਾ ਨੇ ਸਵਾਲ ਕੀਤਾ ਕਿ, ‘ਉਨ੍ਹਾਂ ਨੂੰ ਸੈਨਾ ਲਈ ਸਨਮਾਨ ਦਿਖਾਉਣ ਵਿਚ ਐਨੀ ਦੇਰ ਕਿਉਂ ਲੱਗ ਗਈ।’ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਆਪਣੇ ਆਗੂਆਂ ਦੇ ਅਸਹਿਜ ਵਿਚਾਰਾਂ ਨੂੰ ਨਿੱਜੀ ਵਿਚਾਰ ਦੱਸਣਾ ਕਾਂਗਰਸ ਦੀ ਆਦਤ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਜਿਹੀ ਰਾਇ ਦੀ ਕੋਈ ਸੀਮਾ ਹੈ। ਪ੍ਰਸਾਦ ਨੇ ਕਿਹਾ ਕਿ ਦਿਗਵਿਜੈ ਹਮੇਸ਼ਾ ਵਿਵਾਦਤ ਰੁਖ਼ ਅਖ਼ਤਿਆਰ ਕਰਦੇ ਹਨ। ਭਾਰਤ ਨੂੰ ਸੈਨਾ ਤੋਂ ਸਬੂਤਾਂ ਦੀ ਲੋੜ ਨਹੀਂ ਹੈ, ਇਹ ਆਪਣੇ ਸੈਨਿਕਾਂ ਨੂੰ ਸਲੂਟ ਕਰਦਾ ਹੈ। -ਪੀਟੀਆਈ

‘ਮੇਰੀ ਪਛਾਣ ਵਿਗਾੜਨ ਲਈ ਕਰੋੜਾਂ ਖ਼ਰਚ ਕੀਤੇ ਗਏ, ਪਰ ਸੱਚ ਸਾਹਮਣੇ ਆ ਗਿਆ’

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਨੇ ਉਨ੍ਹਾਂ ਦੀ ਪਛਾਣ ਖ਼ਰਾਬ ਕਰਨ ਲਈ ਲਗਾਤਾਰ ਹਜ਼ਾਰਾਂ ਕਰੋੜ ਰੁਪਏ ਖ਼ਰਚ ਕੀਤੇ, ਪਰ ਸੱਚ ਹਮੇਸ਼ਾ ਸਾਹਮਣੇ ਆ ਜਾਂਦਾ ਹੈ। ਉਹ ਸੋਸ਼ਲ ਮੀਡੀਆ ’ਤੇ ਵਿਅੰਗਾਤਮਕ ਤਰੀਕੇ ਨਾਲ ਖ਼ੁਦ ਨੂੰ ‘ਪੱਪੂ’ ਕਹੇ ਜਾਣ ਦੇ ਸੰਦਰਭ ਵਿਚ ਇਹ ਗੱਲ ਕਰ ਰਹੇ ਸਨ। ਭਾਰਤ ਜੋੜੋ ਯਾਤਰਾ ਦੇ ਆਖ਼ਰੀ ਗੇੜ ਵਿਚ ਪਹੁੰਚਣ ਦੌਰਾਨ ਰਾਹੁਲ ਨੇ ਕਿਹਾ ਕਿ ਕਾਂਗਰਸ ਸੱਤਾਧਾਰੀ ਭਾਜਪਾ ਨੂੰ ਇਹ ਸਿਖਾਏਗੀ ਕਿ ਇਸ ਦੇਸ਼ ਵਿਚ ਸੱਚ ਚੱਲਦਾ ਹੈ, ਧਨ, ਤਾਕਤ ਤੇ ਹੰਕਾਰ ਨਹੀਂ ਚੱਲਦਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All