ਜਸਬੀਰ ਸ਼ੇਤਰਾ
ਜਗਰਾਉਂ, 27 ਫਰਵਰੀ
ਇੱਥੋਂ ਦੇ ਗਾਂਧੀ ਮੁਹੱਲੇ ਦਾ ਵਸਨੀਕ ਅਤੇ 22ਵੀਂ ਪੰਜਾਬ ਰੈਜੀਮੈਂਟ ਵਿੱਚ ਕੰਟਰੇਲ ਰੇਖਾ ਨੇੜੇ ਬਟਾਲਿਕ ਸੈਕਟਰ (ਲੇਹ) ਵਿੱਚ ਡਿਊਟੀ ਨਿਭਾਅ ਰਿਹਾ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਡਿਊਟੀ ਦੌਰਾਨ ਪਹਾੜੀ ਤੋਂ ਪੈਰ ਤਿਲਕਣ ਕਾਰਨ ਸ਼ਹੀਦ ਹੋ ਗਿਆ। ਪਰਵਿੰਦਰ ਸਿੰਘ ਦੀ ਦੇਹ ਭਲਕੇ ਜਗਰਾਉਂ ਪੁੱਜਣ ’ਤੇ ਰਾਏਕੋਟ ਰੋਡ ’ਤੇ ਸਥਿਤ ਸਰਕਾਰੀ ਸਾਇੰਸ ਕਾਲਜ ਨੇੜਲੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਸ਼ਹੀਦ ਪਰਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੇ 11 ਅਤੇ 13 ਸਾਲ ਦੀ ਉਮਰ ਦੇ ਦੋ ਪੁੱਤਰ ਛੱਡ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ।