ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਪਹਿਲਵਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲੀਸ ਤੋਂ ਕਾਰਵਾਈ ਰਿਪੋਰਟ ਮੰਗੀ ਹੈ। ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਦਾਇਰ ਪਟੀਸ਼ਨ ‘ਤੇ ਵੀਰਵਾਰ ਨੂੰ ਅਦਾਲਤ ‘ਚ ਸੁਣਵਾਈ ਹੋਈ। ਦਿੱਲੀ ਪੁਲੀਸ ਨੂੰ ਕਾਰਵਾਈ ਦੀ ਰਿਪੋਰਟ 9 ਜੂਨ ਤੱਕ ਅਦਾਲਤ ਵਿੱਚ ਪੇਸ਼ ਕਰਨੀ ਹੋਵੇਗੀ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪਹਿਲਵਾਨ ਵਨਿੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਹੋਰ ਪਹਿਲਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ‘ਤੇ ਝੂਠੇ ਦੋਸ਼ ਲਾਏ ਹਨ। ਪਹਿਲਵਾਨਾਂ ‘ਤੇ ਜੰਤਰ-ਮੰਤਰ ਤੋਂ ਭੜਕਾਊ ਭਾਸ਼ਣ ਦੇਣ ਦੀ ਵੀ ਦੋਸ਼ ਲਾਏ ਗਏ ਹਨ। ਪਟੀਸ਼ਨਰ ਬਮ ਬਮ ਮਹਾਰਾਜ ਤਰਫੋਂ ਵਕੀਲ ਏ ਪੀ ਸਿੰਘ ਅਦਾਲਤ ਵਿੱਚ ਹਾਜ਼ਰ ਸਨ। ਉਧਰ ਪਹਿਲਵਾਨਾਂ ਵੱਲੋਂ ਲਾਏ ਗਏ ਦੋਸ਼ਾਂ ਬਾਬਤ ਪੁਲੀਸ ਕਾਰਵਾਈ ਢਿੱਲੀ ਹੈ। ਇਸ ਮਾਮਲੇ ਵਿੱਚ ਪੀੜਤ ਪਹਿਲਵਾਨਾਂ ਦੇ 164 ਤਹਤ ਬਿਆਨ ਮੈਜਿਸਟਰੇਟ ਅੱਗੇ ਦਰਜ ਕਰਵਾਏ ਗਏ ਹਨ। ਮੁਲਜ਼ਮ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਾਹਮਣੇ ਵੀ ਪੇਸ਼ ਹੋ ਚੁੱਕੇ ਹਨ। ਬ੍ਰਿਜ ਭੂਸ਼ਣ ਸਿੰਘ ਤੋਂ ਪੁੱਛ-ਪੜਤਾਲ ਕੀਤੀ ਗਈ ਹੈ।