ਕੋਜ਼ੀਕੋੜ (ਕੇਰਲ), 22 ਸਤੰਬਰ
ਹਾਲ ਹੀ ਵਿੱਚ ਕੌਮੀ ਤਕਨਾਲੋਜੀ ਸੰਸਥਾ (ਐੱਨਆਈਟੀ) ਦੇ ਇਕ ਸਾਬਕਾ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਬੀਤੇ ਦਿਨ ਐੱਨਆਈਟੀ ਦੇ ਕੈਂਪਸ ਵਿੱਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਦੇ ਸਮਰਥਕਾਂ ਵੱਲੋਂ ਇਕ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ ਫਗਵਾੜਾ ’ਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲ ’ਚ 20 ਸਤੰਬਰ ਨੂੰ ਕੇਰਲਾ ਦੇ ਚਿਰਥਲਾ ਦੇ ਰਹਿਣ ਵਾਲੇ ਅਗਿਨ ਐੱਸ ਦਿਲੀਪ ਨਾਂ ਦੇ ਇਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ 21 ਸਾਲਾ ਵਿਦਿਆਰਥੀ ਵੱਲੋਂ ਛੱਡੇ ਗਏ ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਆਪਣੇ ਪਿਛਲੇ ਕਾਲਜ ਕੋਜ਼ੀਕੋੜ ਐੱਨਆਈਟੀ ਦੇ ਡਾਇਰੈਕਟਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਖ਼ੁਦਕੁਸ਼ੀ ਨੋਟ ਵਿੱਚ ਕਿਹਾ ਗਿਆ ਹੈ ਕਿ ਉਹ 2018 ਤੋਂ 2022 ਤੱਕ ਕਾਲਜ ਦੇ ਦਿਨਾਂ ਦੌਰਾਨ ਐੱਨਆਈਟੀ ਵਿੱਚ ਕਥਿਤ ਤੌਰ ’ਤੇ ਪੇਸ਼ ਆਈਆਂ ਸਮੱਸਿਆਵਾਂ ਨੂੰ ਲੈ ਕੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਐੱਨਆਈਟੀ ਦੇ ਡਾਇਰੈਕਟਰ ਨੂੰ ਅਹੁਦੇ ਤੋਂ ਹਟਾਇਆ ਜਾਵੇ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਪੁਲੀਸ ਵਿਚਾਲੇ ਮਾਮੂਲੀ ਝੜਪ ਵੀ ਹੋਈ। -ਪੀਟੀਆਈ