Assam ’ਚ ਐੱਨ ਡੀ ਏ ਦੀ ਜਿੱਤ ’ਚ ਹਲਕਾਬੰਦੀ ਦੀ ਅਹਿਮ ਭੂਮਿਕਾ
ਅੈੱਨ ਡੀ ਏ ਨੇ 126 ’ਚੋਂ ਰਿਕਾਰਡ 102 ਸੀਟਾਂ ਹਾਸਲ ਕੀਤੀਆਂ; ਕਾਂਗਰਸ ਤੇ ਏ ਆਈ ਯੂ ਡੀ ਅੈੱਫ ਆਪਣੇ ਪੁਰਾਣੇ ਗਡ਼੍ਹਾਂ ’ਚ ਪੱਛਡ਼ੀਅਾਂ
ਅਸਾਮ ਚੋਣਾਂ ਵਿੱਚ ਘੱਟਗਿਣਤੀ ਉਮੀਦਵਾਰਾਂ ਦੇ ਪੁਰਾਣੇ ਗੜ੍ਹਾਂ ’ਚ ਉਨ੍ਹਾਂ ਦੇ ਅਸਰ ਨੂੰ ਘੱਟ ਕਰਨ ਲਈ ਹਲਕਿਆਂ ਦੀ ਨਵੇਂ ਸਿਰਿਓਂ ਕੀਤੀ ਹਲਕਾਬੰਦੀ ਉਨ੍ਹਾਂ ਕਈ ਕਾਰਨਾਂ ਵਿਚੋਂ ਇਕ ਹੈ, ਜਿਨ੍ਹਾਂ ਕਰ ਕੇ ਐੱਨ ਡੀ ਏ ਨੇ ਉੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 126 ਵਿੱਚੋਂ ਰਿਕਾਰਡ 102 ਸੀਟਾਂ ਹਾਸਲ ਕੀਤੀਆਂ। ਰਾਜ ਵਿੱਚ 2023 ਦੀ ਹਲਕਾਬੰਦੀ ਪ੍ਰਕਿਰਿਆ ਤਹਿਤ ਹਲਕਿਆਂ ਦਾ ਪੁਨਰਗਠਨ ਕੀਤਾ ਗਿਆ, ਜਿਸ ਵਿੱਚ ਪਹਿਲੀਆਂ ਮੁਸਲਿਮ ਬਹੁਗਿਣਤੀ ਕੁੱਝ ਸੀਟਾਂ ਮੂਲ ਨਿਵਾਸੀਆਂ ਲਈ ਰਾਖਵੀਆਂ ਕੀਤੀਆਂ ਗਈਆਂ। ਇਸ ਹਲਕਾਬੰਦੀ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੇ ਉਸ ਦੇ ਸਹਿਯੋਗੀਆਂ ਦੀ ਵੱਧ ਸੀਟਾਂ ਹਾਸਲ ਕਰਨ ਵਿੱਚ ਮਦਦ ਕੀਤੀ।
ਘੱਟਗਿਣਤੀ ‘ਵੋਟ ਬੈਂਕ’ ਨੇ 35 ਸੀਟਾਂ ਉਤੇ ਪਹਿਲੀਆਂ ਸਾਰੀਆਂ ਵਿਧਾਨ ਸਭਾ ਚੋਣਾਂ ’ਚ, ਖ਼ਾਸਕਰ ਕਾਂਗਰਸ ਅਤੇ ਏ ਆਈ ਯੂ ਡੀ ਐਫ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਪਰ ਹਲਕਾਬੰਦੀ ਨੇ ਇਸ ਦੇ ਅਸਰ ਨੂੰ ਘਟਾ ਕੇ 25 ਤੋਂ ਵੀ ਘੱਟ ਸੀਟਾਂ ਤੱਕ ਸੀਮਤ ਕਰ ਦਿੱਤਾ। ਵਿਰੋਧੀ ਧਿਰ ਵੱਲੋਂ ਜਿੱਤੀਆਂ ਗਈਆਂ 24 ਵਿੱਚੋਂ ਜ਼ਿਆਦਾਤਰ ਸੀਟਾਂ ਉਨ੍ਹਾਂ ਹਲਕਿਆਂ ਦੀਆਂ ਹਨ, ਜਿਨ੍ਹਾਂ ਉਤੇ ਹਲਕਾਬੰਦੀ ਦਾ ਕੋਈ ਪ੍ਰਭਾਵ ਨਹੀਂ ਪਿਆ। ਇਨ੍ਹਾਂ ਵਿੱਚੋਂ 22 ਸੀਟਾਂ ਉਤੇ ਮੁਸਲਮਾਨ ਉਮੀਦਵਾਰ ਹਨ। ਜਦਕਿ ਕਾਂਗਰਸ ਤੇ ਏ ਆਈ ਯੂ ਡੀ ਐਫ ਦੋਵਾਂ ਦੇ ਪੁਰਾਣੇ ਗੜ੍ਹਾਂ ਵਿਚ ਇਨ੍ਹਾਂ ਧਿਰਾਂ ਦੀ ਕਾਰਗੁਜ਼ਾਰੀ ’ਚ ਵੱਡੀ ਗਿਰਾਵਟ ਦੇਖੀ ਗਈ ਹੈ। ਇਸ ਹਲਕਾਬੰਦੀ ਕਾਰਨ ਮੁਸਲਿਮ ਬਹੁਗਿਣਤੀ ਹਲਕੇ ਖਿੰਡ ਗਏ ਤੇ ਮੁਕਾਮੀ ਭਾਈਚਾਰਿਆਂ ਦੇ ਦਬਦਬੇ ਵਾਲੇ ਖੇਤਰਾਂ ਨਾਲ ਇਨ੍ਹਾਂ ਖੇਤਰਾਂ ਦਾ ਰਲੇਵਾਂ ਹੋਣ ਕਰ ਕੇ ‘ਵੋਟ ਬੈਂਕ’ ਕਮਜ਼ੋਰ ਹੋ ਗਿਆ। ਹਲਕਾਬੰਦੀ ਤੋਂ ਬਾਅਦ ਵਿਧਾਨ ਸਭਾ ਸੀਟਾਂ ਦੀ ਗਿਣਤੀ 126 ਹੀ ਰਹੀ, ਪਰ ਅਨੁਸੂਚਿਤ ਜਨਜਾਤੀ ਤੇ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਵਧਾ ਦਿੱਤੀ ਗਈ।
ਕਾਂਗਰਸੀ ਉਮੀਦਵਾਰ ਦੇ ਘਰ ’ਤੇ ਪੈਟਰੋਲ ਬੰਬ ਸੁੱਟੇ
ਦਿਫੂ: ਅਸਾਮ ਦੇ ਦਿਫੂ ਵਿੱਚ ਅਣਪਛਾਤਿਆਂ ਨੇ ਸੋਮਵਾਰ ਰਾਤੀਂ ਕਾਂਗਰਸੀ ਉਮੀਦਵਾਰ ਦੇ ਘਰ ’ਤੇ ਕਥਿਤ ਪੈਟਰੋਲ ਬੰਬ ਸੁੱਟੇ ਹਨ। ਪੁਲੀਸ ਨੇ ਕਿਹਾ ਕਿ ਬੋਕਾਜਾਨ ਹਲਕੇ ਤੋਂ ਪਾਰਟੀ ਉਮੀਦਵਾਰ ਰਾਤੋਨ ਐਂਗਟੀ ਦੇ ਘਰ ਉੱਤੇ ਸੁੱਟੇ 6 ਪੈਟਰੋਲ ਬੰਬਾਂ ’ਚੋਂ ਕੋਈ ਵੀ ਨਹੀਂ ਫਟਿਆ, ਜਿਸ ਕਰ ਕੇ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਐਂਗਟੀ ਭਾਜਪਾ ਦੇ ਸੁਰਜਿਆ ਰੌਂਗਫਾਰ ਤੋਂ 17000 ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹਮਲੇ ਮੌਕੇ ਐਂਗਟੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਸਨ। ਉਨ੍ਹਾਂ ਅੱਜ ਸਵੇਰੇ ਇਹ ਬੰਬ ਦੇਖੇ ਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਬੰਬ ਕਬਜ਼ੇ ਵਿੱਚ ਲੈ ਕੇ ਜਾਂਚ ਵਿੱਢ ਦਿੱਤੀ ਹੈ। -ਪੀਟੀਆਈ

