ਨਵੀਂ ਦਿੱਲੀ, 17 ਜੂਨ
ਮੁੱਖ ਅੰਸ਼
- ਹਾਈ ਕੋਰਟ ਦੇ ਦਖ਼ਲ ਮਗਰੋਂ ਹੇਠਲੀ ਅਦਾਲਤ ਨੇ ਦਿੱਤੇ ਫੌਰੀ ਰਿਹਾਈ ਦੇ ਹੁਕਮ
- ਜ਼ਮਾਨਤ ਮਿਲਣ ਦੇ ਬਾਵਜੂਦ ਵਿਦਿਆਰਥੀਆਂ ਨੂੰ ਨਹੀਂ ਕੀਤਾ ਗਿਆ ਸੀ ਰਿਹਾਅ
ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਜਾਮੀਆ ਮਿਲੀਆ ਇਸਲਾਮੀ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ ਤੇ ਜੇਐੱਨਯੂ ਦੀਆਂ ਵਿਦਿਆਰਥਣਾਂ ਦੇਵਾਂਗਨਾ ਕਲੀਤਾ ਅਤੇ ਨਤਾਸ਼ਾ ਨਰਵਾਲ ਅੱਜ ਦੇਰ ਸ਼ਾਮ ਜ਼ਮਾਨਤ ’ਤੇ ਤਿਹਾੜ ਜੇਲ੍ਹ ’ਚੋਂ ਰਿਹਾਅ ਹੋ ਗਏ। ਉਨ੍ਹਾਂ ਨੂੰ ਪਿਛਲੇ ਸਾਲ ਹੋਏ ਦੰਗਿਆਂ ਦੇ ‘ਮਾਸਟਰਮਾਈਂਡ’ ਵਜੋਂ ਮਈ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਡਾਇਰੈਕਟਰ ਜਨਰਲ (ਦਿੱਲੀ ਪ੍ਰਿਜ਼ਨਜ਼) ਸੰਦੀਪ ਗੋਇਲ ਨੇ ਤਿੰਨੋਂ ਵਿਦਿਆਰਥੀਆਂ ਦੀ ਰਿਹਾਈ ਦੀ ਤਸਦੀਕ ਕੀਤੀ ਹੈ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਨ੍ਹਾਂ ਤਿੰਨੋਂ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ ਅਦਾਲਤ ਨੇ 15 ਜੂਨ ਨੂੰ ਜ਼ਮਾਨਤ ਦੇ ਦਿੱਤੀ ਸੀ। ਜਦੋਂ ਦਿੱਲੀ ਹਾਈ ਕੋਰਟ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਗਈ ਤਾਂ ਜਸਟਿਸ ਸਿਧਾਰਥ ਮ੍ਰਿਦੁਲ ਅਤੇ ਅਨੂਪ ਜੈਰਾਮ ਭੰਬਾਨੀ ਦੇ ਬੈਂਚ ਨੇ ਕਿਹਾ,‘‘ਇਹ ਸ਼ਾਨਦਾਰ ਹੈ।’’ ਬੈਂਚ ਨੇ ਕਿਹਾ ਕਿ ਅੱਗੇ ਹੋਰ ਕਿਸੇ ਹੁਕਮ ਦੀ ਲੋੜ ਨਹੀਂ ਹੈ ਅਤੇ ਤਿੰਨੋਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਜਿਨ੍ਹਾਂ ਜੇਲ੍ਹ ’ਚੋਂ ਫੌਰੀ ਰਿਹਾਈ ਦੀ ਬੇਨਤੀ ਕਰਦਿਆਂ ਕਿਹਾ ਸੀ ਕਿ ਜ਼ਮਾਨਤ ਦੇ ਹੁਕਮਾਂ ਮਗਰੋਂ ਵੀ ਉਨ੍ਹਾਂ ਨੂੰ 36 ਘੰਟਿਆਂ ਬਾਅਦ ਰਿਹਾਅ ਨਹੀਂ ਕੀਤਾ ਗਿਆ ਹੈ। ਹਾਈ ਕੋਰਟ ਨੂੰ ਮੁਲਜ਼ਮਾਂ ਦੇ ਵਕੀਲ ਨੇ ਦੱਸਿਆ ਕਿ ਹੇਠਲੀ ਅਦਾਲਤ ਨੇ ਅੱਜ ਦਿਨ ’ਚ ਉਨ੍ਹਾਂ ਦੀ ਅੰਤਰਿਮ ਰਿਹਾਈ ਦਾ ਹੁਕਮ ਦਿੱਤਾ ਹੈ ਅਤੇ ਰਿਹਾਈ ਦੇ ਵਾਰੰਟ ਇਲੈਕਟ੍ਰਾਨਿਕ ਢੰਗ ਨਾਲ ਜੇਲ੍ਹ ਸੁਪਰਡੈਂਟ ਨੂੰ ਭੇਜ ਦਿੱਤੇ ਗਏ ਹਨ। ਸਵੇਰੇ ਜਾਰੀ ਆਪਣੇ ਹੁਕਮਾਂ ਤਹਿਤ ਬੈਂਚ ਦੁਪਹਿਰ ਬਾਅਦ ਸਾਢੇ ਤਿੰਨ ਵਜੇ ਮੁੜ ਬੈਠੀ। ਹਾਈ ਕੋਰਟ ਨੇ ਸਵੇਰੇ ਆਪਣੇ ਹੁਕਮਾਂ ’ਚ ਹੇਠਲੀ ਅਦਾਲਤ ਨੂੰ ਮੁਲਜ਼ਮਾਂ ਦੀ ਰਿਹਾਈ ਦੇ ਮਾਮਲੇ ’ਤੇ ਫੌਰੀ ਵਿਚਾਰ ਕਰਨ ਨੂੰ ਕਿਹਾ ਸੀ। ਬੈਂਚ ਨੇ ਮੁਲਜ਼ਮਾਂ ਦੇ ਵਕੀਲ ਅਤੇ ਦਿੱਲੀ ਪੁਲੀਸ ਨੂੰ ਸਾਂਝੇ ਤੌਰ ’ਤੇ ਦੁਪਹਿਰ 12 ਵਜੇ ਹੇਠਲੀ ਅਦਾਲਤ ਅੱਗੇ ਰਿਹਾਈ ਦਾ ਮਾਮਲਾ ਉਠਾਉਣ ਲਈ ਕਿਹਾ ਸੀ। ਤਨਹਾ ਦੇ ਵਕੀਲ ਨੇ ਹੇਠਲੀ ਅਦਾਲਤ ’ਚ ਹਲਫ਼ਨਾਮਾ ਦਿੱਤਾ ਕਿ ਉਸ ਦਾ ਮੁਵੱਕਿਲ ਦਿੱਲੀ ਛੱਡ ਕੇ ਨਹੀਂ ਜਾਵੇਗਾ। ਹਾਈ ਕੋਰਟ ਨੇ ਕਿਹਾ,‘‘ਜਦੋਂ ਹੇਠਲੀ ਅਦਾਲਤ ਨੇ ਇਕ ਵਾਰ ਜੇਲ੍ਹ ਸੁਪਰਡੈਂਟ ਨੂੰ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ ਹੈ ਤਾਂ ਕੇਸ ਖ਼ਤਮ ਹੋ ਗਿਆ ਹੈ। ਹੁਣ ਹੋਰ ਕੁਝ ਕੀਤੇ ਜਾਣ ਦੀ ਲੋੜ ਨਹੀਂ ਹੈ। ਅੱਜ ਦਾ ਸਾਡਾ ਪਹਿਲਾ ਕਦਮ ਤੁਹਾਡੀ ਰਿਹਾਈ ਹੈ।’’ ਸੁਣਵਾਈ ਦੌਰਾਨ ਤਨਹਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਅਗਰਵਾਲ ਨੇ ਕਿਹਾ ਕਿ ਹਾਈ ਕੋਰਟ ਨੇ 4 ਜੂਨ ਦੇ ਆਪਣੇ ਹੁਕਮਾਂ ’ਚ ਸ਼ਰਤ ਰੱਖੀ ਸੀ ਕਿ ਅੰਤਰਿਮ ਜ਼ਮਾਨਤ ਖ਼ਤਮ ਹੋਣ ’ਤੇ ਵਿਦਿਆਰਥੀ ਨੂੰ ਆਪਣਾ ਲੈਪਟਾਪ ਫੋਰੈਂਸਿਕ ਆਡਿਟ ਲਈ ਪੁਲੀਸ ਦੇ ਵਿਸ਼ੇਸ਼ ਸੈੱਲ ਕੋਲ ਜਮ੍ਹਾਂ ਕਰਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਲੈਪਟਾਪ ਜਮ੍ਹਾਂ ਕਰਾਉਣ ਲਈ ਤਿਆਰ ਹਨ ਪਰ ਇਹ ਸ਼ਰਤ ਉਸ ਦੀ ਰਿਹਾਈ ਨੂੰ ਨਹੀਂ ਰੋਕੇਗੀ। ਦਿੱਲੀ ਪੁਲੀਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਕਿਹਾ ਕਿ ਮੁਲਜ਼ਮਾਂ ਨੂੰ ਰੈਗੂਲਰ ਜ਼ਮਾਨਤ ਮਿਲਣ ਕਾਰਨ ਸੂਬਾ ਅਤੇ ਫਾਰੈਂਸਿਕ ਹੁਣ ਆਡਿਟ ਨਹੀਂ ਕਰਨਾ ਚਾਹੁੰਦਾ ਹੈ। ਦਿਨ ਵੇਲੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਉਹ 15 ਜੂਨ ਨੂੰ ਆਪਣੇ ਹੁਕਮਾਂ ’ਚ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਇਸ ਹੁਕਮ ਤੋਂ ਬਾਅਦ 4 ਜੂਨ ਦਾ ਅੰਤਰਿਮ ਜ਼ਮਾਨਤ ਦਾ ਹੁਕਮ ਪ੍ਰਭਾਵੀ ਨਹੀਂ ਰਹਿ ਗਿਆ ਹੈ। ਇਸ ਲਈ ਹੋਰ ਕਿਸੇ ਸਪੱਸ਼ਟੀਕਰਨ ਦੀ ਲੋੜ ਨਹੀਂ ਹੈ। ਵਿਦਿਆਰਥੀਆਂ ਦੇ ਵਕੀਲ ਨੇ ਕਿਹਾ ਕਿ ਪੁਲੀਸ ਤਸਦੀਕ ਪ੍ਰਕਿਰਿਆ ’ਚ ਦੇਰੀ ਜਾਣਬੁੱਝ ਕੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੇਠਲੀ ਅਦਾਲਤ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਈ ਦੇ ਹੁਕਮ ਇਸ ਲਈ ਨਹੀਂ ਪਾਸ ਕੀਤਾ ਕਿਉਂਕਿ ਸ਼ਾਮ ਦੇ 6 ਵੱਜ ਗਏ ਸਨ ਅਤੇ ਕੇਸ ਦੀ ਸੁਣਵਾਈ ਵੀਰਵਾਰ ਲਈ ਸੂਚੀਬੱਧ ਕਰ ਦਿੱਤੀ ਸੀ। -ਪੀਟੀਆਈ
ਦਿੱਲੀ ਪੁਲੀਸ ਦੀ ਅਪੀਲ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਕੇਸ ’ਚ ਗ੍ਰਿਫ਼ਤਾਰ ਤਿੰਨ ਵਿਦਿਆਰਥੀ ਕਾਰਕੁਨਾਂ ਨੂੰ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਹੁਕਮਾਂ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਸੁਪਰੀਮ ਕੋਰਟ ’ਚ ਦਾਖ਼ਲ ਪਟੀਸ਼ਨ ’ਤੇ ਭਲਕੇ ਸੁਣਵਾਈ ਕੀਤੀ ਜਾਵੇਗੀ। ਜਸਟਿਸ ਹੇਮੰਤ ਗੁਪਤਾ ਅਤੇ ਵੀ ਰਾਮਾਸੁਬਰਾਮਣੀਅਨ ਦੇ ਵੈਕੇਸ਼ਨ ਬੈਂਚ ਵੱਲੋਂ ਦਿੱਲੀ ਪੁਲੀਸ ਦੀਆਂ ਤਿੰਨ ਵੱਖੋ-ਵੱਖਰੀਆਂ ਅਪੀਲਾਂ ’ਤੇ ਸੁਣਵਾਈ ਕੀਤੀ ਜਾਵੇਗੀ। ਉਨ੍ਹਾਂ ਆਪਣੀਆਂ ਅਰਜ਼ੀਆਂ ’ਚ ਕਿਹਾ ਹੈ ਕਿ ਹਾਈ ਕੋਰਟ ਦਾ ਫ਼ੈਸਲਾ ਸੋਸ਼ਲ ਮੀਡੀਆ ਦੇ ਬਿਰਤਾਂਤ ਤੋਂ ਪ੍ਰਭਾਵਿਤ ਹੈ। ਦਿੱਲੀ ਪੁਲੀਸ ਨੇ ਹਾਈ ਕੋਰਟ ਵੱਲੋਂ ਆਸਿਫ਼ ਇਕਬਾਲ ਤਨਹਾ, ਦੇਵਾਂਗਨਾ ਕਲੀਤਾ, ਨਤਾਸ਼ਾ ਨਰਵਾਲ ਨੂੰ ਜ਼ਮਾਨਤ ਦੇਣ ਸਮੇਂ ਸੁਣਾਏ ਤਿੰਨ ਫ਼ੈਸਲਿਆਂ ਨੂੰ ਚੁਣੌਤੀ ਦਿੱਤੀ ਹੈ। ਤਿੰਨੋਂ ਵਿਦਿਆਰਥੀਆਂ ਨੂੰ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ
ਵਿਦਿਆਰਥੀਆਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਨਵੀਂ ਦਿੱਲੀ: ਵਿਦਿਆਰਥੀ ਕਾਰਕੁਨ ਨਤਾਸ਼ਾ ਨਰਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਤਿਹਾੜ ਜੇਲ੍ਹ ਦੇ ਅੰਦਰ ਜ਼ਬਰਦਸਤ ਹਮਾਇਤ ਮਿਲੀ ਅਤੇ ਉਹ ਆਪਣਾ ਸੰਘਰਸ਼ ਅੱਗੇ ਵੀ ਜਾਰੀ ਰਖਣਗੇ। ਜੇਐੱਨਯੂ ਦੀਆਂ ਵਿਦਿਆਰਥਣਾਂ ਨਰਵਾਲ ਅਤੇ ਦੇਵਾਂਗਨਾ ਕਲੀਤਾ ਨੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਥੇ ਜੁੜੇ ਆਪਣੇ ਦੋਸਤਾਂ ਅਤੇ ਸ਼ੁਭ ਚਿੰਤਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਸਲਾਖਾਂ ਪਿੱਛੇ ਵੀ ਉਨ੍ਹਾਂ ਨੂੰ ਹਮਾਇਤ ਦਿੱਤੀ। ਪਿੰਜਰਾ ਤੋੜ ਕਾਰਕੁਨ ਨਰਵਾਲ ਨੇ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦਾ ਵੀ ਸਵਾਗਤ ਕੀਤਾ। ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ,‘‘ਉਹ ਲੋਕਾਂ ਅਤੇ ਅਸਹਿਮਤੀ ਦੀਆਂ ਸੁਰਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸਾਨੂੰ ਲੋਕਾਂ ਤੋਂ ਬਹੁਤ ਸਾਰੀ ਹਮਾਇਤ ਮਿਲੀ ਜਿਸ ਕਾਰਨ ਸਾਨੂੰ ਜੇਲ੍ਹ ਅੰਦਰ ਜਿਊਦੇ ਰਹਿਣ ’ਚ ਸਹਾਇਤਾ ਮਿਲੀ।’’ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ ਨੇ ਕਿਹਾ ਕਿ ਉਸ ਨੂੰ ਆਸ ਸੀ ਕਿ ਇਕ ਦਿਨ ਉਹ ਰਿਹਾਅ ਹੋਵੇਗਾ। ਉਸ ਨੇ ਕਿਹਾ ਕਿ ਸੀਏਏ, ਐੱਨਆਰਸੀ ਅਤੇ ਐੱਨਪੀਆਰ ਖ਼ਿਲਾਫ਼ ਉਨ੍ਹਾਂ ਦੀ ਜੰਗ ਜਾਰੀ ਰਹੇਗੀ। -ਪੀਟੀਆਈ