ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਅੱਜ ਕਿਹਾ ਹੈ ਕਿ ਤੇਜਸ ਲੜਾਕੂ ਜਹਾਜ਼ਾਂ ਦੀ ਸਪਲਾਈ ਵਿੱਚ ਹੋ ਰਹੀ ਜ਼ਿਆਦਾ ਦੇਰ ਕਾਰਨ ਭਾਰਤੀ ਹਵਾਈ ਫ਼ੌਜ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। ਹਵਾਈ ਫ਼ੌਜ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਵਿੱਚ ਲੜਾਕੂ ਜਹਾਜ਼ਾਂ ਦੀਆਂ ਸਕੁਐਡਰਨਾਂ ਦੀ ਗਿਣਤੀ 42 ਤੋਂ ਘਟ ਕੇ ਮਹਿਜ਼ 29 ਰਹਿ ਗਈ ਹੈ। ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਹਵਾਈ ਫ਼ੌਜ ਦੀਆਂ ਲੜਾਕੂ ਜਹਾਜ਼ ਸਕੁਐਡਰਨਾਂ ਦੀ ਤਾਕਤ ਅਜਿਹੇ ਸਮੇਂ ਘੱਟ ਹੋ ਰਹੀ ਹੈ, ਜਦੋਂ ਮੌਜੂਦਾ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਹਵਾਈ ਸ਼ਕਤੀ ਤੇਜ਼ੀ ਨਾਲ ਅਹਿਮ ਹੁੰਦੀ ਜਾ ਰਹੀ ਹੈ।
ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਹਵਾਈ ਫ਼ੌਜ ਨੂੰ ਆਉਣ ਵਾਲੇ ਕੁਝ ਸਾਲਾਂ ਵਿੱਚ ਹਰ ਸਾਲ ਘੱਟੋ-ਘੱਟ 36 ਤੋਂ 40 ਲੜਾਕੂ ਜਹਾਜ਼ਾਂ ਦੀ ਲੋੜ ਹੈ। ਉਨ੍ਹਾਂ ਉਮੀਦ ਜਤਾਈ ਕਿ ਦੇਸ਼ ਦੀ ਤੇਜਸ ਮਾਰਕ-1ਏ ਜਹਾਜ਼ ਦੇ ਨਾਲ-ਨਾਲ ਫਰਾਂਸ ਨਾਲ ਬਹੁ-ਪੱਖੀ ਲੜਾਕੂ ਜਹਾਜ਼ (ਐੱਮ ਆਰ ਐੱਫ ਏ) ਪ੍ਰੋਗਰਾਮ ਤਹਿਤ ਖ਼ਰੀਦੇ ਜਾਣ ਵਾਲੇ ਰਫਾਲ ਜਹਾਜ਼ਾਂ ਨੂੰ ਸ਼ਾਮਲ ਕਰਨ ਨਾਲ ਸਥਿਤੀ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਸਭ ਕੁਝ ਯੋਜਨਾ ਮੁਤਾਬਕ ਰਿਹਾ, ਤਾਂ ਚਾਲੂ ਵਿੱਤੀ ਸਾਲ ਵਿੱਚ ਰਫਾਲ ਸੌਦੇ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫਰਵਰੀ 2021 ਵਿੱਚ ਰੱਖਿਆ ਮੰਤਰਾਲੇ ਨੇ ਹਿੰਦੋਸਤਾਨ ਐਰੋਨੌਟਿਕਸ ਲਿਮਟਿਡ (ਐੱਚ ਏ ਐੱਲ) ਨਾਲ 48,000 ਕਰੋੜ ਰੁਪਏ ਦਾ ਸਮਝੌਤਾ ਕਰ ਕੇ 83 ਤੇਜਸ ਲੜਾਕੂ ਜਹਾਜ਼ਾਂ ਦਾ ਆਰਡਰ ਦਿੱਤਾ ਸੀ। ਪਹਿਲੀ ਖੇਪ ਮਾਰਚ 2024 ਵਿੱਚ ਮਿਲਣੀ ਸੀ, ਪਰ ਹਾਲੇ ਤੱਕ ਇੱਕ ਵੀ ਜਹਾਜ਼ ਹਵਾਈ ਫ਼ੌਜ ਨੂੰ ਨਹੀਂ ਮਿਲਿਆ। ਇਸ ਤੋਂ ਇਲਾਵਾ ਹਵਾਈ ਫ਼ੌਜ ਮੁਖੀ ਨੇ ‘ਅਪਰੇਸ਼ਨ ਸਿੰਧੂਰ’ ਦੇ ਤਜਰਬੇ ਦਾ ਹਵਾਲਾ ਦਿੰਦਿਆਂ ਥੀਏਟਰਾਈਜ਼ੇਸ਼ਨ ਯੋਜਨਾ ’ਤੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਥੀਏਟਰ ਕਮਾਂਡਾਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਦਿਸ਼ਾ ਵਿੱਚ ਉਸਾਰੂ ਕੰਮ ਕੀਤਾ ਜਾ ਰਿਹਾ ਹੈ।

