ਭਾਰਤ ਅਤੇ ਜਪਾਨ ਨੇ ਸਮੁੰਦਰੀ ਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਅੱਜ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ ਅਤੇ ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦਾ ਟੀਚਾ ਹਾਸਲ ਕਰਨ ਲਈ ਫ਼ੌਜੀ ਸਹਿਯੋਗ ’ਚ ਤਾਲਮੇਲ ਵਧਾਉਣ ਦਾ ਅਹਿਦ ਲਿਆ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਖ਼ਿੱਤੇ ’ਚ ਚੀਨ ਦੀਆਂ ਵਧਦੀਆਂ ਫ਼ੌਜੀ ਗਤੀਵਿਧੀਆਂ ਕਾਰਨ ਚਿੰਤਾਵਾਂ ਵਧ ਰਹੀਆਂ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿੰਜਿਰੋ ਕੋਈਜ਼ੁਮੀ ਦਰਮਿਆਨ ਹੋਈ ਵਾਰਤਾ ’ਚ ਦੋਵਾਂ ਆਗੂਆਂ ਨੇ ਸਮੁੰਦਰੀ ਆਵਾਜਾਈ ਅਤੇ ਹਵਾਈ ਮਾਰਗਾਂ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਇੱਕਪਾਸੜ ਕਾਰਵਾਈ ਅਤੇ ਤਾਕਤ ਜਾਂ ਦਬਾਅ ਰਾਹੀਂ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕੀਤਾ। ਦੋਵਾਂ ਦੇਸ਼ਾਂ ਵੱਲੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਰਾਜਨਾਥ ਅਤੇ ਕੋਈਜ਼ੁਮੀ ਨੇ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖ਼ਿੱਤੇ ਦੀ ਸਥਾਪਨਾ ਲਈ ਰੱਖਿਆ ਸਹਿਯੋਗ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ ਹੈ।
ਬਿਆਨ ਅਨੁਸਾਰ, ‘‘ਦੋਵਾਂ ਮੰਤਰੀਆਂ ਨੇ ਵਧਦੇ ਆਲਮੀ ਤਣਾਅ ਦੇ ਦੌਰ ’ਚ ਖੇਤਰੀ ਅਤੇ ਕੌਮਾਂਤਰੀ ਸੁਰੱਖਿਆ ਦਾ ਮੁਲਾਂਕਣ ਸਾਂਝਾ ਕਰਨ ਦੇ ਮਹੱਤਵ ’ਤੇ ਸਹਿਮਤੀ ਜ਼ਾਹਰ ਕੀਤੀ ਹੈ।’’ ਦੋਵਾਂ ਆਗੂਆਂ ਨੇ ਕਿਸੇ ਵੀ ਮੁਲਕ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਸਮੁੰਦਰੀ ਆਵਾਜਾਈ ਅਤੇ ਹਵਾਈ ਮਾਰਗਾਂ ਦੀ ਆਜ਼ਾਦੀ ਤੇ ਸੁਰੱਖਿਆ ’ਚ ਅੜਿੱਕਾ ਪਾਉਣ ਵਾਲੀ ਕਿਸੇ ਵੀ ਇੱਕਪਾਸੜ ਕਾਰਵਾਈ ਅਤੇ ਤਾਕਤ ਜਾਂ ਦਬਾਅ ਰਾਹੀਂ ਸਥਿਤੀ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਦੇ ਹਨ। ਦੋਵੇਂ ਰੱਖਿਆ ਮੰਤਰੀਆਂ ਨੇ ਸਮੁੰਦਰੀ ਸੁਰੱਖਿਆ ਸਹਿਯੋਗ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤਾ ਸਮੁੰਦਰੀ ਸੁਰੱਖਿਆ ਦੇ ਖੇਤਰ ’ਚ ਸਹਿਯੋਗ ਅੱਗੇ ਵਧਾਉਣ ਲਈ ਰੂਪਰੇਖਾ ਮੁਹੱਈਆ ਕਰਾਏਗਾ। ਇਸ ਸਮਝੌਤੇ ਤਹਿਤ ਜਪਾਨੀ ਸਮੁੰਦਰੀ ਆਤਮ ਰੱਖਿਆ ਬਲ ਅਤੇ ਭਾਰਤੀ ਜਲ ਸੈਨਾ ਦਰਮਿਆਨ ਸਹਿਯੋਗ ਮਜ਼ਬੂਤ ਕੀਤਾ ਜਾਵੇਗਾ।

