ਰੱਖਿਆ ਮੰਤਰਾਲੇ ਨੇ 1965 ਦੀ ਜੰਗ ਵਿੱਚ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਵੱਲੋਂ ਦਿਖਾਈ ਗਈ ਬਹਾਦਰੀ ਨੂੰ ਕੀਤਾ ਯਾਦ
3-4 ਸਤੰਬਰ 1965 ਨੂੰ ਹਵਾਈ ਲੜਾਈ ਦੌਰਾਨ ਬੇਮਿਸਾਲ ਦਲੇਰੀ ਦਿਖਾਉਣ ਵਾਲੇ ਦੋਵਾਂ ਯੋਧਿਆਂ ਨੂੰ ਮਿਲ ਚੁੱਕਾ ਹੈ 'ਵੀਰ ਚੱਕਰ'
1965 ਦੀ ਜੰਗ ਦੌਰਾਨ ਜੰਮੂ-ਕਸ਼ਮੀਰ ਦੇ ਛੰਬ-ਜੌਰੀਆਂ ਦੇ ਆਸਮਾਨ ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਆਜ਼ਾਦ ਭਾਰਤ ਦੀ ਪਹਿਲੀ ਹਵਾਈ ਲੜੀ ਗਈ ਸੀ। ਰੱਖਿਆ ਮੰਤਰਾਲੇ ਨੇ ਅੱਜ ਇਸੇ ਹਵਾਈ ਲੜਾਈ ਵਿੱਚ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਵੱਲੋਂ ਦਿਖਾਈ ਗਈ ਬਹਾਦਰੀ ਨੂੰ ਯਾਦ ਕੀਤਾ ਹੈ।
ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ 1965 ਦੀ ਜੰਗ ਨੇ ਛੰਬ ਦੇ ਅਸਮਾਨ ਵਿੱਚ ਬਹਾਦਰੀ ਦੇ ਸ਼ਾਨਦਾਰ ਕਾਰਨਾਮੇ ਦੇਖੇ। ਮੰਤਰਾਲੇ ਨੇ ਇਸ ਨੂੰ ‘ਸਾਡੇ ਜੰਗੀ ਨਾਇਕਾਂ ਦਾ ਸਨਮਾਨ' ਦੱਸਿਆ।
ਪੋਸਟ ਵਿੱਚ ਕਿਹਾ ਗਿਆ ਹੈ, "ਸਕੁਐਡਰਨ ਲੀਡਰ ਟ੍ਰੇਵਰ ਕੀਲਰ ਅਤੇ ਫਲਾਈਟ ਲੈਫਟੀਨੈਂਟ ਵੀਰੇਂਦਰ ਸਿੰਘ ਪਠਾਨੀਆ ਨੇ 3-4 ਸਤੰਬਰ, 1965 ਨੂੰ ਹਵਾਈ ਲੜਾਈ ਦੌਰਾਨ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ।"
ਉਨ੍ਹਾਂ ਦੀ ਬਹਾਦਰੀ, ਦ੍ਰਿੜ੍ਹਤਾ ਅਤੇ ਹਿੰਮਤ ਲਈ, ਦੋਵਾਂ ਹਵਾਈ ਯੋਧਿਆਂ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਜੰਗੀ ਸਨਮਾਨ, ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਦੋਵਾਂ ਪਾਇਲਟਾਂ ਦੇ ਸਨਮਾਨ-ਪੱਤਰ ਵੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਂਝੇ ਕੀਤੇ।
ਰੱਖਿਆ ਮੰਤਰਾਲੇ ਵੱਲੋਂ ਇਹ ਸ਼ਰਧਾਂਜਲੀ ਇੱਕ ਮਹੱਤਵਪੂਰਨ ਹਵਾਈ ਲੜਾਈ ਦੀ ਯਾਦ ਦਿਵਾਉਂਦੀ ਹੈ। 3 ਸਤੰਬਰ, 1965 ਨੂੰ ਵਾਪਰੀਆਂ ਘਟਨਾਵਾਂ ਦਾ ਕ੍ਰਮ ਰੱਖਿਆ ਮੰਤਰਾਲੇ ਦੇ ਇਤਿਹਾਸ ਵਿਭਾਗ ਦੁਆਰਾ ਦਰਜ ਕੀਤਾ ਗਿਆ ਸੀ।

