ਰੱਖਿਆ ਮੰਤਰੀ Rajnath Singh ਵੱਲੋਂ Sri Lanka ਦੇ President ਨਾਲ ਮੁਲਾਕਾਤ
ਖ਼ਿੱਤੇ ’ਚ ਸੁਰੱਖਿਆ, ਸ਼ਾਂਤੀ ਅਤੇ ਖ਼ੁਸ਼ਹਾਲੀ ਯਕੀਨੀ ਬਣਾਉਣ ਸਬੰਧੀ ਕੀਤੀ ਚਰਚਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦੀਸਾਨਾਇਕੇ ਨਾਲ ਮੁਲਾਕਾਤ ਕਰ ਕੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਖ਼ਿੱਤੇ ’ਚ ‘ਸੁਰੱਖਿਆ, ਸ਼ਾਂਤੀ ਅਤੇ ਖ਼ੁਸ਼ਹਾਲੀ’ ਯਕੀਨੀ ਬਣਾਉਣ ਲਈ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਸਹਿਯੋਗ ਵਧਾਉਣ ਦੇ ਢੰਗਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਤਿੰਨ ਰੋਜ਼ਾ ਯਾਤਰਾ ’ਤੇ ਸ੍ਰੀਲੰਕਾ ਪੁੱਜੇ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੀਸਾਨਾਇਕੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਰਕਾਰ ਦੇ ਦੋ ਸਾਲ ਮੁਕੰਮਲ ਹੋਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਹ 38 ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਰੱਖਿਆ ਮੰਤਰੀ ਨੇ ਸ੍ਰੀਲੰਕਾ ਦੀ ਯਾਤਰਾ ਕੀਤੀ ਹੈ। ਉਨ੍ਹਾਂ ਐਕਸ ’ਤੇ ਕਿਹਾ ‘‘ਅੱਜ ਕੋਲੰਬੋ ’ਚ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦੀਸਾਨਾਇਕੇ ਨਾਲ ਨਿੱਘੀ ਅਤੇ ਉਸਾਰੂ ਮੁਲਾਕਾਤ ਹੋਈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ’ਤੇ ਮੁਬਾਰਕਬਾਦ ਦਿੱਤੀ।’’
ਉਨ੍ਹਾਂ ਕਿਹਾ, ‘‘ਅਸੀਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੱਭਿਅਤਾ ਪੱਖੋਂ ਇੱਕੋ ਜਿਹੇ, ਨੇੜਲੇ ਗੁਆਂਢੀ ਅਤੇ ਸਮੁੰਦਰੀ ਭਾਈਵਾਲ ਹੋਣ ਦੇ ਨਾਤੇ ਭਾਰਤ ਅਤੇ ਸ੍ਰੀਲੰਕਾ ਆਪਣੇ ਦੇਸ਼ਾਂ ਦੇ ਵਿਕਾਸ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ। ਨਾਲ ਹੀ ਅਸੀਂ ਆਪਣੇ ਖ਼ਿੱਤੇ ਦੀ ਸੁਰੱਖਿਆ, ਸੰਭਾਲ, ਸ਼ਾਂਤੀ ਅਤੇ ਖੁਸ਼ਹਾਲੀ ਯਕੀਨੀ ਬਣਾਉਣ ਲਈ ਵੀ ਸਾਂਝੇ ਤੌਰ ’ਤੇ ਮਿਲ ਕੇ ਕੰਮ ਕਰਦੇ ਰਹਾਂਗੇ।’’ ਸ੍ਰੀਲੰਕਾ ਦੇ ਰਾਸ਼ਟਰਪਤੀ ਦੀਸਾਨਾਇਕੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਗੱਲਬਾਤ ਨੂੰ ਯਾਦ ਕੀਤਾ ਅਤੇ ਦੁਹਰਾਇਆ ਕਿ ਸ੍ਰੀਲੰਕਾ ਕਦੇ ਵੀ ਆਪਣੀ ਧਰਤੀ ਦੀ ਵਰਤੋਂ ਭਾਰਤ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਲਈ ਨਹੀਂ ਹੋਣ ਦੇਵੇਗਾ। ਉਨ੍ਹਾਂ ਚੱਕਰਵਾਤੀ ਤੂਫ਼ਾਨ ‘ਦਿਤਵਾ’ ਦੌਰਾਨ ਮਿਲੀ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ।
ਸ੍ਰੀਲੰਕਾ ਦੀ ਜੇਲ੍ਹ ’ਚ ਮਾਰੇ ਗਏ ਭਾਰਤੀ ਕੈਦੀ ਨੂੰ ਦਫ਼ਨਾਇਆ
ਕੋਲੰਬੋ: ਸ੍ਰੀਲੰਕਾ ਦੇ ਪੱਛਮੀ ਸਾਹਿਲੀ ਸ਼ਹਿਰ ਨੈਗੋਂਬੋ ਦੀ ਜੇਲ੍ਹ ’ਚ ਜੁਲਾਈ ਮਹੀਨੇ ਹੋਏ ਦੰਗਿਆਂ ਦੌਰਾਨ ਮਾਰੇ ਗਏ ਭਾਰਤੀ ਨਾਗਰਿਕ ਦੀ ਲਾਸ਼ ਪੁਲੀਸ ਸੁਰੱਖਿਆ ਹੇਠ ਦਫ਼ਨਾਈ ਗਈ ਸੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਅਪਰਾਧ ਜਾਂਚ ਵਿਭਾਗ (ਸੀ ਆਈ ਡੀ) ਨੇ ਬੀਤੇ ਦਿਨ ਨੈਗੋਂਬੋ ਮੈਜਿਸਟਰੇਟ ਨੂੰ ਦੱਸਿਆ ਕਿ 73 ਸਾਲਾ ਕੈਦੀ ਦੀ ਲਾਸ਼ ਅਦਾਲਤ ਦੇ ਹੁਕਮਾਂ ਅਨੁਸਾਰ ਦੋ ਸਤੰਬਰ ਨੂੰ ਦਫ਼ਨਾਈ ਗਈ ਅਤੇ ਇਸ ਦਾ ਖ਼ਰਚਾ ਸਰਕਾਰ ਨੇ ਚੁੱਕਿਆ ਹੈ। -ਪੀਟੀਆਈ

