ਨਵੀਂ ਦਿੱਲੀ, 25 ਅਗਸਤ
ਨਿਆਂਪਾਲਿਕਾ ਵਿਰੋਧੀ ਟਵੀਟ ਲਈ ਅਦਾਲਤੀ ਹੱਤਕ ਦੇ ਦੋਸ਼ੀ ਠਹਿਰਾਏ ਗਏ ਵਕੀਲ-ਕਾਰਕੁਨ ਪ੍ਰਸ਼ਾਂਤ ਭੂਸ਼ਣ ਨੂੰ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਫ਼ੈਸਲਾ ਅੱਜ ਸੁਪਰੀਮ ਕੋਰਟ ਨੇ ਰਾਖ਼ਵਾਂ ਰੱਖ ਲਿਆ ਹੈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਵਿਸਤਾਰ ਵਿਚ ਹੋਈ ਸੁਣਵਾਈ ਮਗਰੋਂ ਫ਼ੈਸਲਾ ਰਾਖ਼ਵਾਂ ਰੱਖ ਲਿਆ। ਸਿਖ਼ਰਲੀ ਅਦਾਲਤ ਦੇ ਬੈਂਚ ਵਿਚ ਜਸਟਿਸ ਬੀ.ਆਰ. ਗਵਈ ਤੇ ਕ੍ਰਿਸ਼ਨ ਮੁਰਾਰੀ ਵੀ ਸ਼ਾਮਲ ਸਨ। ਭੂਸ਼ਣ ਵੱਲੋਂ ਪੇਸ਼ ਹੋਏ ਵਕੀਲ ਰਾਜੀਵ ਧਵਨ ਨੇ ਬੈਂਚ ਅੱਗੇ ਕਿਹਾ ਕਿ ਸਿਖ਼ਰਲੀ ਅਦਾਲਤ ਕਹਿ ਸਕਦੀ ਹੈ ਕਿ ਉਹ ਭੂਸ਼ਣ ਨਾਲ ਸਹਿਮਤ ਨਹੀਂ ਹੈ ਤੇ ਭਵਿੱਖ ਵਿਚ ਬਿਆਨ ਦੇਣ ਲੱਗੇ ਸੰਜਮ ਤੋਂ ਕੰਮ ਲਿਆ ਜਾਵੇ। ਰਾਜੀਵ ਧਵਨ ਨੇ ਕਿਹਾ ਕਿ ਸਿਖ਼ਰਲੀ ਅਦਾਲਤ ਫ਼ੈਸਲੇ ਸੁਣਾਉਣ ਵੇਲੇ ਦੱਸ ਸਕਦੀ ਹੈ ਕਿ ਕਿਸ ਤਰ੍ਹਾਂ ਦੇ ਜ਼ਾਬਤੇ ਦੀ ਪਾਲਣਾ ਕਰਨੀ ਚਾਹੀਦੀ ਹੈ, ਪਰ ਮੰਤਵ ਭੂਸ਼ਣ ਨੂੰ ਚੁੱਪ ਕਰਾਉਣਾ ਨਹੀਂ ਹੋਣਾ ਚਾਹੀਦਾ। ਜਸਟਿਸ ਮਿਸ਼ਰਾ ਨੇ ਕਿਹਾ ‘ਅਸੀਂ ਧੰਨਵਾਦੀ ਹਾਂ, ਡਾ. ਧਵਨ। ਪ੍ਰਸ਼ਾਂਤ ਭੂਸ਼ਣ ਨੇ ਵੀ ਆਪਣੇ ਸ਼ਬਦਾਂ ’ਚ ਕਈ ਥਾਈਂ ਸਨਮਾਨ ਜ਼ਾਹਿਰ ਕੀਤਾ ਹੈ।’ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਬੈਂਚ ਅੱਗੇ ਕਿਹਾ ਕਿ ਉਨ੍ਹਾਂ ਦਾ ਇਹੀ ਸੁਝਾਅ ਹੋਵੇਗਾ ਕਿ ਮਾਮਲਾ ਭੂਸ਼ਣ ਨੂੰ ਸਜ਼ਾ ਦਿੱਤੇ ਬਿਨਾਂ ਨਬਿੇੜ ਦਿੱਤਾ ਜਾਵੇ। ਵਕੀਲ ਧਵਨ ਨੇ ਕਿਹਾ ਕਿ ਹੱਤਕ ਦੇ ਕੇਸ ਵਿਚ ਕਿਸੇ ਨੂੰ ਵੀ ਮੁਆਫ਼ੀ ਮੰਗਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨਾਲ ਹੀ ਕਿਹਾ ਕਿ ਹਾਰਲੇ ਡੇਵਿਡਸਨ ਬਾਰੇ ਭੂਸ਼ਣ ਵੱਲੋਂ ਕੀਤੀ ਟਿੱਪਣੀ ਆਲੋਚਨਾ ਨਹੀਂ ਗਿਣੀ ਜਾ ਸਕਦੀ। ਜ਼ਿਕਰਯੋਗ ਹੈ ਕਿ ਬੈਂਚ ਨੇ 20 ਅਗਸਤ ਨੂੰ ਭੂਸ਼ਣ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ
ਸੀ। ਉਨ੍ਹਾਂ ਨੂੰ ਆਪਣੇ ‘ਵਿਰੋਧੀ ਬਿਆਨ’ ਉਤੇ ਮੁੜ ਵਿਚਾਰ ਕਰਨ ਤੇ ‘ਬਿਨਾਂ ਸ਼ਰਤ ਮੁਆਫ਼ੀ’ ਮੰਗਣ ਲਈ ਕਿਹਾ ਗਿਆ ਸੀ। ਭੂਸ਼ਣ ਦੇ ਵਕੀਲ ਧਵਨ ਨੇ ਕਿਹਾ ਕਿ ਉਨ੍ਹਾਂ ਕੋਈ ਕਤਲ ਜਾਂ ਚੋਰੀ ਨਹੀਂ ਕੀਤੀ ਹੈ। ਸਜ਼ਾ ਦੇਣਾ ਬਹੁਤ ਜ਼ਿਆਦਾ ਹੋਵੇਗਾ। -ਆਈਏਐਨਐੱਸ
ਜੱਜਾਂ ਦੀ ਆਲੋਚਨਾ ਹੁੰਦੀ ਹੈ, ਪਰਿਵਾਰਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ: ਜਸਟਿਸ ਮਿਸ਼ਰਾ
ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਕਿ ਨਿਆਂਇਕ ਢਾਂਚਾ ਕਦ ਤੱਕ ਇਹ ਸਭ ਝੱਲੇਗਾ। ਜੱਜਾਂ ਦੀ ਆਲੋਚਨਾ ਹੁੰਦੀ ਹੈ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ‘ਉਹ ਬੋਲ ਵੀ ਨਹੀਂ ਸਕਦੇ।’ ਸਿਖ਼ਰਲੀ ਅਦਾਲਤ ਨੇ ਭੂਸ਼ਣ ਦੇ ਵਕੀਲ ਨੂੰ ਕਿਹਾ ਕਿ ‘ਉਹ ਉਨ੍ਹਾਂ ਤੋਂ ਨਿਰਪੱਖਤਾ ਦੀ ਆਸ ਰੱਖਦੇ ਹਨ। ਤੁਸੀਂ ਹਰ ਕਿਸੇ ਨੂੰ ਪਿਆਰ ਕਰਨ ਵਾਲੇ ਹੋ ਸਕਦੇ ਹੋ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਨਿਰਪੱਖ ਹੋਵੋ। ਕਿਸੇ ਇਕ ਧਿਰ ਵੱਲ ਹੀ ਨਾ ਹੋ ਤੁਰੋ।’
ਭੂਸ਼ਣ ਖ਼ਿਲਾਫ਼ 2009 ਦਾ ਹੱਤਕ ਮਾਮਲਾ ਕਿਸੇ ਹੋਰ ਬੈਂਚ ਹਵਾਲੇ
ਪ੍ਰਸ਼ਾਂਤ ਭੂਸ਼ਣ ਨੂੰ ਆਰਜ਼ੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ 2009 ਦਾ ਇਕ ਹੋਰ ਅਦਾਲਤੀ ਹੱਤਕ ਦਾ ਕੇਸ ਕਿਸੇ ਹੋਰ ਬੈਂਚ ਹਵਾਲੇ ਕਰ ਦਿੱਤਾ ਹੈ। ਇਸ ਕੇਸ ਵਿਚ ਪੱਤਰਕਾਰ ਤਰੁਣ ਤੇਜਪਾਲ ਵੀ ਸ਼ਾਮਲ ਹਨ। ਅਦਾਲਤ ਮੁਤਾਬਕ ਇਸ ਮਾਮਲੇ ਵਿਚ ਕਈ ਵੱਡੇ ਸਵਾਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜੇ ਹੋਏ ਹਨ। ਭੂਸ਼ਣ ਨੇ ਨਿਆਂਪਾਲਿਕਾ ਦੇ ਸੰਦਰਭ ਵਿਚ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਸੀ। ਇਸ ਕੇਸ ਨਾਲ ਜੁੜੀਆਂ ਟਿੱਪਣੀਆਂ ਭੂਸ਼ਣ ਨੇ ਤਹਿਲਕਾ ਰਸਾਲੇ ਨੂੰ ਦਿੱਤੀ ਇੰਟਰਵਿਊ ਵਿਚ ਕੀਤੀਆਂ ਸਨ। ਤੇਜਪਾਲ ਉਸ ਵੇਲੇ ਤਹਿਲਕਾ ਦੇ ਸੰਪਾਦਕ ਸਨ। ਅਦਾਲਤੀ ਬੈਂਚ ਨੂੰ ਭੂਸ਼ਣ
ਵੱਲੋਂ ਪੇਸ਼ ਹੋਏ ਵਕੀਲ ਰਾਜੀਵ ਧਵਨ ਨੇ ਦੱਸਿਆ ਕਿ ਸੰਵਿਧਾਨਕ ਅਹਿਮੀਅਤ ਨਾਲ ਜੁੜੇ 10 ਸਵਾਲ ਉਨ੍ਹਾਂ ਵੱਲੋਂ ਉਠਾਏ ਗਏ ਹਨ ਤੇ ਇਨ੍ਹਾਂ ਬਾਰੇ ਵਿਚਾਰ ਸੰਵਿਧਾਨਕ ਬੈਂਚ ਵੱਲੋਂ ਕੀਤੀ ਜਾਣੀ ਬਣਦੀ ਹੈ। ਬੈਂਚ ਨੇ ਸੁਣਵਾਈ ਇਸ ਕਰ ਕੇ ਵੀ ਨਹੀਂ ਕੀਤੀ ਕਿਉਂਕਿ ਜਸਟਿਸ ਅਰੁਣ ਮਿਸ਼ਰਾ ਦੋ ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਸੁਪਰੀਮ ਕੋਰਟ ਬੈਂਚ ਨੇ ਕਿਹਾ ਕਿ ਮਾਮਲਾ 10 ਸਾਲਾਂ ਤੋਂ ਲਟਕਿਆ ਹੋਇਆ ਹੈ ਤੇ ਸੁਣਵਾਈ ਲਈ ਤਰੀਕ ਸਤੰਬਰ ਵਿਚ ਤੈਅ ਕੀਤੀ ਜਾਵੇਗੀ। ਮਾਮਲਾ ਹੁਣ 10 ਸਤੰਬਰ ਲਈ ਸੂਚੀਬੱਧ ਕੀਤਾ ਗਿਆ ਹੈ ਤੇ ਬੈਂਚ ਬਾਰੇ ਫ਼ੈਸਲਾ ਚੀਫ਼ ਜਸਟਿਸ ਲੈਣਗੇ।