ਨਵੀਂ ਦਿੱਲੀ: ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਦੇ ਅਧਿਕਾਰੀਆਂ ਮੁਤਾਬਕ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ)-ਪੀਜੀ ਜਿਸ ਲਈ 6.07 ਲੱਖ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਸੀ, ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਐੱਨਟੀਏ ਵੱਲੋਂ ਵਿਸ਼ਾ ਵਾਰ ਟੌਪਰ ਐਲਾਨੇ ਗਏ ਹਨ। ਇਹ ਪ੍ਰੀਖਿਆ ਕੰਪਿਊਟਰ ਆਧਾਰਤ ਪ੍ਰੀਖਿਆ (ਸੀਬੀਟੀ) ਮੋਡ ਵਿੱਚ ਹੋਈ ਸੀ, ਜਿਸ ਵਿੱਚ ਕਈ ਬਦਲਾਂ ਵਾਲੇ ਸਵਾਲ ਸਨ। ਐੱਨਟੀਏ ਦੇ ਸੀਨੀਅਰ ਡਾਇਰੈਕਟਰ (ਪ੍ਰੀਖਿਆਵਾਂ) ਸਾਧਨਾ ਪ੍ਰਾਸ਼ਰ ਨੇ ਕਿਹਾ, ‘‘ਨਤੀਜੇ ਐਲਾਨ ਦਿੱਤੇ ਗਏ ਹਨ।’’ ਸੀਯੂਈਟੀ-ਯੂਜੀ ਤੋਂ ਹਟ ਕੇ ਐੱਨਟੀਏ ਨੇ ਪੋਸਟ ਗਰੈਜੂਏਟ ਦਾਖਲਾ ਪ੍ਰੀਖਿਆ ਲਈ ਵਿਸ਼ਾ ਵਾਰ ਟੌਪਰ ਵਿਦਿਆਰਥੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਐਤਵਾਰ ਨੂੰ ਸੀਯੂਈਟੀ ਰਾਹੀਂ ਦਾਖਲਿਆਂ ਦਾ ਬਦਲ ਚੁਣਨ ਵਾਲੀਆਂ ਯੂਨੀਵਰਸਿਟੀਜ਼ ਦੇ ਉਪ ਕੁਲਪਤੀਆਂ ਨੂੰ ਆਪੋ-ਆਪਣੀ ਦਾਖ਼ਲਾ ਪ੍ਰਕਿਰਿਆਵਾਂ ਆਰੰਭਣ ਲਈ ਲਿਖ ਦਿੱਤਾ ਸੀ। ਇਨ੍ਹਾਂ ਯੂਨੀਵਰਸਿਟੀਜ਼ ਵਿੱਚੋਂ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਕੋਲ ਸਭ ਤੋਂ ਵੱਧ 3.5 ਲੱਖ ਅਰਜ਼ੀਆਂ ਪਹੁੰਚੀਆਂ ਸਨ। ਇਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੋਲ 2.3 ਲੱਖ ਅਰਜ਼ੀਆਂ ਪਹੁੰਚੀਆਂ ਸਨ। -ਪੀਟੀਆਈ